- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਦੀਆਂ ਸੜਕਾਂ ਤੋਂ ਬਾਅਦ ਹੁਣ ਹਰ ਗਲੀ-ਮੁਹੱਲੇ ਤਕ ਪੁੱਜਾ ‘ਕੂੜਾ’

ਸੰਜੀਵ ਗੁਪਤਾ, ਪੰਜਾਬੀ ਜਾਗਰਣ,
ਜਗਰਾਓਂ : ਜਗਰਾਓਂ ’ਚ ਕੂੜੇ ਦੀ ਬਦਤਰ ਵਿਵਸਥਾ ਦੇ ਵਿਚ ਸੜਕਾਂ ’ਤੇ ਲੱਗੇ ਕੂੜੇ ਦੇ ਪਹਾੜਾਂ ਤੋਂ ਬਾਅਦ ਹੁਣ ਇਹ ਕੂੜਾ ਹਰ ਗਲੀ, ਮੁਹੱਲੇ ਅਤੇ ਚੌਂਕ ਵਿਚਾਲੇ ਆ ਪਹੁੰਚਿਆ ਹੈ। ਇਸ ਦਾ ਵੱਡਾ ਕਾਰਨ ਜਗਰਾਓਂ ਨਗਰ ਕੌਂਸਲ ਦੇ ਸਫਾਈ ਕਾਮਿਆਂ ਵੱਲੋਂ ਸ਼ਹਿਰ ਦਾ ਕੂੜਾ ਸੁੱਟਣ ਲਈ ਕੋਈ ਜਗ੍ਹਾ ਦਾ ਪ੍ਰਬੰਧ ਨਾ ਹੋਣ ਤਕ ਕੂੜਾ ਚੁੱਕਣਾ ਬੰਦ ਕਰ ਦੇਣਾ ਹੈ। ਜਿਸ ਦੇ ਚੱਲਦਿਆਂ ਹੁਣ ਸ਼ਹਿਰ ਵਾਸੀ ਹਨੇਰੇ ਸਵੇਰੇ ਦਾਅ ਲੱਗਦੇ ਹੀ ਘਰਾਂ ਦਾ ਕੂੜਾ ਲਿਫਾਫਿਆਂ, ਬੋਰੀਆਂ ’ਚ ਪਾ ਕੇ ਗਲੀ-ਮੁਹੱਲਿਆਂ ਦੀਆਂ ਸੜਕਾਂ ਅਤੇ ਚੌਕਾਂ ਵਿਚ ਸੁੱਟ ਰਹੇ ਹਨ। ਜਿਸ ਕਾਰਨ ਹੁਣ ਸ਼ਹਿਰ ’ਚ ਜਿਸ ਪਾਸੇ ਵੀ ਚਲੇ ਜਾਈਏ, ਗੰਦਗੀ- ਕੂੜਾ ਥਾਂ-ਥਾਂ ਨਜ਼ਰ ਆਉਂਦਾ ਹੈ। ਹਾਲਾਤ ਇਹ ਹਨ ਕਿ ਜਗਰਾਓਂ ਨਰਕ ਭਰੇ ਮਾਹੌਲ ਵਿਚੋਂ ਲੰਘ ਰਿਹਾ ਹੈ ਪਰ ਇਸ ਸਭ ਤੋਂ ਅਣਜਾਣ ਹੋਏ ਹਾਕਮ ਅਤੇ ਪ੍ਰਸ਼ਾਸਨ ਦੋਵੇਂ ਹੀ ਅੱਖਾਂ ਮੀਟੀ ਸੱਤਾ ਦਾ ਆਨੰਦ ਮਾਣ ਰਹੇ ਹਨ। ਜਗਰਾਓਂ ਸ਼ਹਿਰ ਵਿਚ ਪਹਿਲਾਂ ਹੀ ਨਗਰ ਕੌਂਸਲ ਸਾਲਾਂ ਤੋਂ ਕੂੜੇ ਦੀ ਸਾਂਭ ਸੰਭਾਲ ’ਚ ਅਸਫਲ ਰਹੀ ਹੈ। ਅਜਿਹੇ ਵਿਚ ਸੜਕਾਂ ’ਤੇ ਕੂੜੇ ਦੇ ਡੰਪ ਲਗਾਉਣ ਕਾਰਨ ਕੂੜੇ ਦੇ ਪਹਾੜ ਕਈ ਇਲਾਕਿਆਂ ’ਚ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਹੋਰ ਤਾਂ ਹੋਰ ਜਗਰਾਓਂ ਨਗਰ ਕੌਂਸਲ ਦੇ ਦਫ਼ਤਰ ਦਾ ਪਿਛਲਾ ਵੱਡਾ ਖਾਲੀ ਮੈਦਾਨ ਵੀ ਕੂੜੇ ਦੇ ਡੰਪ ਵਿਚ ਤਬਦੀਲ ਹੋ ਚੁੱਕਾ ਹੈ। ਇਨ੍ਹਾਂ ਕੂੜੇ ਦੇ ਪਹਾੜਨੁਮਾ ਡੰਪਾਂ ਤੋਂ ਉਠਦੀ ਗੰਦਗੀ ਬਦਬੂ ਅਤੇ ਭਿਆਨਕ ਬਿਮਾਰੀਆਂ ਦੇ ਡਰੋਂ ਸੜਕਾਂ ’ਤੇ ਉਤਰੇ ਲੋਕਾਂ ਨੇ ਨਗਰ ਕੌਂਸਲ ਖ਼ਿਲਾਫ਼ ਮੋਰਚਾ ਖੋਲ੍ਹਿਆ ਤਾਂ ਨਗਰ ਕੌਂਸਲ ਨੇ ਇਨ੍ਹਾਂ ਥਾਵਾਂ ’ਤੇ ਕੂੜਾ ਸੁੱਟਣਾ ਬੰਦ ਕਰ ਦਿੱਤਾ। ਇਸ ’ਤੇ ਸਫ਼ਾਈ ਕਾਮਿਆਂ ਕੋਲ ਗਲੀਆਂ ਮੁਹੱਲਿਆਂ ’ਚੋਂ ਕੂੜਾ ਚੁੱਕ ਕੇ ਸੁੱਟਣ ਲਈ ਕੋਈ ਜਗ੍ਹਾ ਨਾ ਹੋਣ ਕਾਰਨ ਕੂੜਾ ਚੁੱਕਣ ਦਾ ਕੰਮ ਹੀ ਬੰਦ ਕਰ ਦਿੱਤਾ। ਨਗਰ ਕੌਂਸਲ ਸਫਾਈ ਕਰਮਚਾਰੀ ਯੂਨੀਅਨ ਦੇ ਆਗੂ ਅਰੁਣ ਕੁਮਾਰ ਨੇ ਕਿਹਾ ਕਿ ਜਦ ਤਕ ਕੂੜਾ ਸੁੱਟਣ ਲਈ ਜਗ੍ਹਾ ਨਹੀਂ ਦਿੱਤੀ ਜਾਂਦੀ, ਉਹ ਘਰਾਂ ਵਿਚੋਂ ਚੁੱਕਿਆ ਕੂੜਾ ਕਿੱਥੇ ਲੈ ਕੇ ਜਾਣ। ਇਸ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਅਧਿਕਾਰੀ ਵੀ ਚੁੱਪ ਬੈਠੇ ਹਨ। ਜਿਸ ਦੇ ਚੱਲਦਿਆਂ ਮਜ਼ਬੂਰਨ ਉਨ੍ਹਾਂ ਨੂੰ ਕੂੜਾ ਚੁੱਕਣਾ ਬੰਦ ਕਰਨਾ ਪਿਆ ਅਤੇ ਜਦ ਤਕ ਕੂੜਾ ਸੁੱਟਣ ਲਈ ਵਿਵਸਥਾ ਨਹੀਂ ਕੀਤੀ ਜਾਂਦੀ, ਉਹ ਕੂੜਾ ਨਹੀਂ ਚੁੱਕਣਗੇ। ਹੁਣ ਪਿਛਲੇ ਕਈ ਦਿਨਾਂ ਤੋਂ ਕੂੜਾ ਚੁੱਕਣ ਦਾ ਕੰਮ ਠੱਪ ਹੋਣ ਕਾਰਨ ਸ਼ਹਿਰ ਦੇ ਹਰ ਮੁਹੱਲੇ ਗਲੀ, ਇਲਾਕੇ ਦੇ ਬਾਹਰ ਕੂੜੇ ਦੇ ਢੇਰ ਲੱਗ ਗਏ ਹਨ। ਇਨ੍ਹਾਂ ਢੇਰਾਂ ’ਤੇ ਅਵਾਰਾ ਪਸ਼ੂਆਂ ਦਾ ਝੁੰਡ ਦਿਨ ਭਰ ਮੂੰਹ ਮਾਰਦੇ ਹਨ। ਜਿਸ ਕਾਰਨ ਕਈ ਹਾਦਸੇ ਵਾਪਰਨ ਦੇ ਨਾਲ ਨਾਲ ਟੈ੍ਰਫਿਕ ਜਾਮ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ।
----
-ਨਹਿਰੀ ਪਾਣੀ ਘਰ ਘਰ ਪਹੁੰਚਾਉਣ ਦੇ ਨਾਂ ’ਤੇ ਸਾਰਾ ਸ਼ਹਿਰ ਪੁੱਟ ਮਾਰਿਆ
ਜਗਰਾਓਂ ਸ਼ਹਿਰ ਇਕ ਪਾਸੇ ਥਾਂ -ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਅਤੇ ਬਿਮਾਰੀਆਂ ਫੈਲਣ ਦੇ ਖ਼ਤਰੇ ਨੂੰ ਲੈ ਕੇ ਸਹਿਮਿਆ ਹੋਇਆ ਹੈ। ਅਜਿਹੇ ਵਿਚ ਦੂਜੇ ਪਾਸੇ ਜਗਰਾਓਂ ਦੇ ਲੋਕਾਂ ਨੂੰ ਅਬੋਹਰ ਬ੍ਰਾਂਚ ਦੀ ਅਖਾੜਾ ਨਹਿਰ ਦਾ ਪਾਣੀ ਫਿਲਟਰ ਕਰਕੇ ਘਰ -ਘਰ ਪਹੁੰਚਾਉਣ ਦੇ ਨਾਂ ’ਤੇ ਪਾਈਪਾਂ ਪਾਉਣ ਲਈ ਸਾਰਾ ਸ਼ਹਿਰ ਪੁੱਟ ਦਿੱਤਾ ਹੈ। ਜਗਰਾਓਂ ਦੀ ਅਖਾੜਾ ਨਹਿਰ ਤੋਂ ਤਹਿਸੀਲ ਰੋਡ ਅਤੇ ਹੀਰਾ ਬਾਗ ਤਕ ਕਈ ਕਿਲੋਮੀਟਰ ਪ੍ਰਮੁੱਖ ਸੜਕ ਦੇ ਪੁੱਟਣ ਕਾਰਨ ਜਿੱਥੇ ਲੋਕਾਂ ਨੂੰ ਲੰਘਣਾ ਮੁਸਕਿਲ ਹੋ ਗਿਆ ਹੈ, ਉਥੇ ਨਿਯਮਾਂ ਅਨੁਸਾਰ ਇਸ ਸੜਕ ਦੀ ਮੁਰੰਮਤ ਨਾ ਕਰਨ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਸੜਕ ਦੀ ਇੱਕ ਸਾਈਡ ਪੁੱਟੀ ਹੋਣ ਕਾਰਨ ਪਾਈਪ ਪਾ ਕੇ ਮਿੱਟੀ ਭਰ ਦਿੱਤੀ ਗਈ। ਇਹ ਮਿੱਟੀ ਦੱਬ ਗਈ ਅਤੇ ਪਿਛਲੇ ਦਿਨੀਂ ਪਏ ਮੀਂਹ ਕਾਰਨ ਸੜਕ ਦੀ ਸਾਈਡ ਤੋਂ ਲੰਘਦਿਆਂ ਨਿੱਤ ਵਾਹਨ ਧੱਸ ਰਹੇ ਹਨ। ਅਜਿਹੇ ਵਿਚ ਸ਼ਹਿਰ ਦੀ ਇਸ ਮੁੱਖ ਸੜਕ ਦੀ ਖਸਤਾ ਹਾਲਤ ਤੋਂ ਲੰਘਦੇ ਰੋਜ ਹਜਾਰਾਂ ਰਾਹਗੀਰ ਦੇ ਇਥੋਂ ਦੇ ਸ਼ਾਸ਼ਨ, ਪ੍ਰਸ਼ਾਸਨ ਨੂੰ ਕੋਸਦੇ ਹਨ। ਸ਼ਹਿਰੀ ਤਾਂ ਸ਼ਹਿਰ ਦੇ ਬਦਤਰ ਹਾਲਾਤਾਂ ਦੀ ਦੁਹਾਈ ਦਿੰਦੇ ਰੋਜ ਪਰੇਸ਼ਾਨ ਹੁੰਦੇ ਹਨ।
---
-ਜਗਰਾਓਂ ਦੇ ਰਾਏਕੋਟ ਰੋਡ ਤੋਂ ਤਹਿਸੀਲ ਰੋਡ ਬਣਿਆ ਰਾਜਸਥਾਨ
ਜਗਰਾਓਂ ਦੇ ਰਾਏਕੋਟ ਰੋਡ ਤੋਂ ਲੈ ਕੇ ਤਹਿਸੀਲ ਰੋਡ ਦਾ ਇੱਕ ਹਿੱਸਾ ਪਾਈਪ ਲਾਈਨ ਵਿਛਾਉਣ ਕਾਰਨ ਪੁੱਟਿਆ ਗਿਆ। ਜਿਸ ਕਾਰਨ ਇਸ ਸਾਰੀ ਸੜਕ ’ਤੇ ਪੁੱਟੇ ਹੋਏ ਹਿੱਸੇ ਦੀ ਮਿੱਟੀ ਖਿੱਲਰ ਚੁੱਕੀ ਹੈ। ਇਸ ਸੜਕ ਤੋਂ ਦਿਨ ਰਾਤ ਲੰਘਦੇ ਹਜ਼ਾਰਾਂ ਵੱਡੇ, ਛੋਟੇ ਵਾਹਨਾਂ ਕਾਰਨ ਸਾਰਾ ਦਿਨ ਧੂੜ, ਮਿੱਟੀ ਇਸ ਤਰ੍ਹਾਂ ਉਡਦੀ ਹੈ ਜਿਵੇਂ ਰਾਜਸਥਾਨ ਹੋਵੇ। ਇਸ ਧੂੜ, ਮਿੱਟੀ ਕਾਰਨ ਇਸ ਰੋਡ ’ਤੇ ਰਹਿੰਦੇ ਸ਼ਹਿਰ ਵਾਸੀ ਅਤੇ ਦੁਕਾਨਦਾਰ ਡਾਹਢੇ ਪਰੇਸ਼ਾਨ ਹਨ।
---
ਵਿਧਾਇਕਾ ਨੇ ਕਿਹਾ ਕੂੜੇ ਦੀ ਸਮੱਸਿਆ ਦਾ ਹੋਇਆ ਪੱਕਾ ਹੱਲ
ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸ਼ਹਿਰ ਦੀ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਹੋ ਗਿਆ ਹੈ। ਕੂੜਾ ਘਰਾਂ ਤੋਂ ਹੀ ਚੁੱਕਣ ਦਾ ਪ੍ਰਾਈਵੇਟ ਠੇਕਾ ਦੇ ਦਿੱਤਾ ਗਿਆ ਹੈ। ਇਸ ਦੇ ਲਈ ਨਗਰ ਕੌਂਸਲ ਵੱਲੋਂ ਬਣਦੀ ਕਾਗਜੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਜਿਸ ਦੇ ਲਈ ਪਿਛਲੇ ਦਿਨੀਂ ਸਥਾਨਕ ਸਰਕਾਰਾਂ ਵਿਭਾਗ ਦੇ ਅਫਸਰਾਂ ਦੀ ਅਗਵਾਈ ਹੇਠ ਟੀਮਾਂ ਸਰਵੇ ਵੀ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲ ਲਈ ਕੂੜੇ ਦਾ ਠੇਕਾ ਦਿੱਤਾ ਗਿਆ ਹੈ। ਜਿਸ ਨਾਲ ਜਗਰਾਓਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।