ਬੁੱਢੇ ਦਰਿਆ ਦੀ ਸਫ਼ਾਈ ਲਈ ਪ੍ਰਸ਼ਾਸਨ ਸਖ਼ਤ : ਕਾਰਸੇਵਾ 'ਚ ਤੇਜ਼ੀ ਲਿਆਉਣ ਲਈ ਹੋਰ ਮਸ਼ੀਨਰੀ ਲਗਾਉਣ ਦੇ ਨਿਰਦੇਸ਼
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਪਵਿੱਤਰ ਬੁੱਢੇ ਦਰਿਆ ਦੀ ਕਾਰਸੇਵਾ ਹੁਣ ਲੁਧਿਆਣਾ ਸ਼ਹਿਰ ਵਿੱਚ ਦਾਖਲ ਹੋ ਚੁੱਕੀ ਹੈ। ਚਾਂਦ ਸਿਨੇਮਾ ਦੀ ਪੁਲੀ ਹੇਠਾਂ ਦਰਿਆ ਦੇ ਵਹਾਅ ਵਿੱਚ ਰੁਕਾਵਟ ਬਣ ਰਹੇ ਮਲਬੇ ਅਤੇ ਦਰਿਆ ਦੇ ਤਲ ’ਤੇ ਸਾਲਾਂ ਤੋਂ ਜਮ੍ਹੀ ਗਾਰ ਨੂੰ ਬਾਹਰ ਕੱਢਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।
Publish Date: Thu, 08 Jan 2026 11:45 AM (IST)
Updated Date: Thu, 08 Jan 2026 11:50 AM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਪਵਿੱਤਰ ਬੁੱਢੇ ਦਰਿਆ ਦੀ ਕਾਰਸੇਵਾ ਹੁਣ ਲੁਧਿਆਣਾ ਸ਼ਹਿਰ ਵਿੱਚ ਦਾਖਲ ਹੋ ਚੁੱਕੀ ਹੈ। ਚਾਂਦ ਸਿਨੇਮਾ ਦੀ ਪੁਲੀ ਹੇਠਾਂ ਦਰਿਆ ਦੇ ਵਹਾਅ ਵਿੱਚ ਰੁਕਾਵਟ ਬਣ ਰਹੇ ਮਲਬੇ ਅਤੇ ਦਰਿਆ ਦੇ ਤਲ ’ਤੇ ਸਾਲਾਂ ਤੋਂ ਜਮ੍ਹੀ ਗਾਰ ਨੂੰ ਬਾਹਰ ਕੱਢਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।
ਇਸ ਕਾਰਜ ਕਾਰਨ ਚਾਂਦ ਸਿਨੇਮਾ ਇਲਾਕੇ ਵਿੱਚ ਪਾਣੀ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਪਾਣੀ ਦੀ ਜਾਂਚ ਦੌਰਾਨ ਇਥੇ ਟੀ ਡੀ ਐਸ 632 ਦਰਜ ਕੀਤਾ ਗਿਆ, ਜੋ ਦਰਿਆ ਦੀ ਸਫਾਈ ਲਈ ਵੱਡਾ ਸੰਕੇਤ ਹੈ। ਇਸ ਦੌਰਾਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨਾਲ ਫੋਨ ’ਤੇ ਗੱਲਬਾਤ ਕਰਕੇ ਲੁਧਿਆਣਾ ਨਾਲ ਲੱਗਦੇ ਪਿੰਡ ਧਨਾਨਸੂ ਵਿੱਚ ਬਾਕੀ ਰਹਿੰਦੇ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ ਗਈ।
ਇਸੇ ਤਰ੍ਹਾਂ ਸੰਤ ਸੀਚੇਵਾਲ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨਾਲ ਫੋਨ ’ਤੇ ਸੰਪਰਕ ਕਰਕੇ ਬੁੱਢੇ ਦਰਿਆ ਦੀ ਕਾਰਸੇਵਾ ਵਿੱਚ ਤੇਜ਼ੀ ਲਿਆਉਣ ਲਈ ਹੋਰ ਮਸ਼ੀਨਰੀ ਅਤੇ ਦਰਿਆ ਵਿਚੋਂ ਕੱਢੀ ਗੰਦਗੀ ਚੁੱਕਣ ਲਈ ਵਧੇਰੇ ਟਿੱਪਰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਬੁੱਢੇ ਦਰਿਆ ਦੀ ਕਾਰਸੇਵਾ ਮੁਹਿੰਮ ਨੂੰ ਇੱਕ ਸਾਲ ਪੂਰਾ ਹੋ ਚੁੱਕਾ ਹੈ। 22 ਦਸੰਬਰ 2024 ਤੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਤੱਕ 79 ਡੇਅਰੀਆਂ ਅਤੇ ਲਗਭਗ 165 ਐਮਐਲਡੀ ਜ਼ਹਿਰੀਲੇ ਗੰਦੇ ਪਾਣੀ, ਜੋ ਸਿੱਧਾ ਦਰਿਆ ਵਿੱਚ ਪੈਂਦਾ ਸੀ, ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰੋਂ ਲੰਘਦੇ ਬੁੱਢੇ ਦਰਿਆ ਦੇ 14 ਕਿਲੋਮੀਟਰ ਤੋਂ ਵੱਧ ਹਿੱਸੇ ਦੀ ਸਫਾਈ ਲਈ ਇਸ ਸਮੇਂ 3 ਪੋਕਲੇਨ ਮਸ਼ੀਨਾਂ ਲਗਾਤਾਰ ਗਾਰ ਕੱਢਣ ਵਿੱਚ ਲੱਗੀਆਂ ਹੋਈਆਂ ਹਨ, ਪਰ ਵੱਡੇ ਪੱਧਰ ’ਤੇ ਕੰਮ ਲਈ ਹੋਰ ਸਾਧਨਾਂ ਦੀ ਸਖ਼ਤ ਲੋੜ ਹੈ। ਇਸ ਮੌਕੇ ਤੇ ਟੀਮ ਸੀਚੇਵਾਲ ਤੇ ਮੈਂਬਰ ਹਰਦੇਵ ਸਿੰਘ ਦੋਧਰ ਅਤੇ ਹੋਰ ਹਾਜ਼ਰ ਸਨ।