- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਵਿਖੇ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਏਡੀਸੀ ਨੇ ਕੀਤੀ ਮੀਟਿੰਗ

-ਪੁਲਿਸ ਅਧਿਕਾਰੀਆਂ ਤੋਂ ਇਲਾਵਾ ਖ਼ਰੀਦ ਏਜੰਸੀਆਂ ਦੇ ਅਫਸਰਾਂ ਨੇ ਕੀਤੀ ਸ਼ਿਰਕਤ
ਸੰਜੀਵ ਗੁਪਤਾ, ਪੰਜਾਬੀ ਜਾਗਰਣ,
ਜਗਰਾਓਂ : ਜਗਰਾਓਂ ਵਿਖੇ ਏਡੀਸੀ ਮਨਜੀਤ ਸਿੰਘ ਚੀਮਾ ਨੇ ਮੰਡੀਆਂ ਵਿਚ ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਸਥਾਨਕ ਐੱਸਡੀਐੱਮ ਦਫ਼ਤਰ ਦੇ ਕਾਨਫਰੰਸ ਹਾਲ ਵਿਚ ਮੀਟਿਗ ਕੀਤੀ। ਇਸ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਖ਼ਰੀਦ ਏਜੰਸੀਆਂ, ਮਾਰਕੀਟ ਕਮੇਟੀਆਂ ਦੇ ਅਫਸਰਾਂ ਅਤੇ ਆੜ੍ਹਤੀਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਸ਼ਿਰਕਤ ਕੀਤੀ। ਮੀਟਿੰਗ ਵਿਚ ਕਣਕ ਦੀ ਖ਼ਰੀਦ ਨੂੰ ਲੈ ਕੇ ਲੋੜੀਂਦੇ ਪ੍ਰਬੰਧਾਂ ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਏਡੀਸੀ ਮਨਜੀਤ ਸਿੰਘ ਚੀਮਾ ਨੇ ਸਾਫ਼ ਕਿਹਾ ਕਿ ਸਰਕਾਰ ਕਣਕ ਦੇ ਸੀਜ਼ਨ ਵਿਚ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਜਿਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਖ਼ਰੀਦ ਪ੍ਰਬੰਧਾਂ ’ਤੇ ਨਜ਼ਰ ਰੱਖ ਰਹੇ ਹਨ।
ਉਨ੍ਹਾਂ ਸਬ ਡਵੀਜ਼ਨ ਜਗਰਾਓਂ ਅਤੇ ਸਬ ਡਵੀਜ਼ਨ ਰਾਏਕੋਟ ਦੇ ਅਧੀਨ ਪੈਂਦੀਆਂ ਮਾਰਕੀਟ ਕਮੇਟੀਆਂ ਨਾਲ ਸਬੰਧਤ ਸਾਰੀਆਂ ਮੰਡੀਆਂ ਵਿਚ ਨਿਯਮਾਂ ਅਨੁਸਾਰ ਖ਼ਰੀਦ ਪ੍ਰਬੰਧ ਤੁਰੰਤ ਕਰਨ ਅਤੇ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਖ਼ਰੀਦ ਲਈ ਤਿਆਰ ਬਰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਾਫ਼ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਦੇ ਲਈ ਮੰਡੀ ਵਿਚ ਕਣਕ ਦੀ ਆਮਦ ਦੇ ਨਾਲ ਹੀ ਖ਼ਰੀਦ, ਲਿਫਟਿੰਗ, ਲੋਡਿੰਗ ਅਤੇ ਸਟੋਰੇਜ ਦਾ ਪਹਿਲਾਂ ਤੋਂ ਹੀ ਪੂਰਾ ਪ੍ਰਬੰਧ ਰੱਖਿਆ ਜਾਵੇ। ਮੀਟਿੰਗ ਵਿਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਮਾਰਕੀਟ ਕਮੇਟੀਆਂ ਤੇ ਖ਼ਰੀਦ ਏਜੰਸੀਆਂ ਵੱਲੋਂ ਕੀਤੇ ਜਾਣ ਵਾਲੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਿਸ ਦੇ ਤਹਿਤ ਸਾਰੀਆਂ ਖ਼ਰੀਦ ਏਜੰਸੀਆਂ ਨੂੰ ਵੱਖ-ਵੱਖ ਮੰਡੀਆਂ ਅਲਾਟ ਕਰ ਦਿੱਤੀਆਂ ਗਈਆਂ ਹਨ।
ਕਣਕ ਲਈ ਲੋੜੀਂਦੇ ਬਾਰਦਾਨੇ ਦਾ ਅਗਾਉਂ ਪ੍ਰਬੰਧ ਹੈ, ਇਸ ਤੋਂ ਇਲਾਵਾ ਇਸ ਦੀ ਸਟੋਰੇਜ ਲਈ ਵੀ ਬਣਦੀ ਜਗ੍ਹਾ ਬਣਾ ਲਈ ਗਈ ਹੈ। ਮੰਡੀਆਂ ਵਿਚ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ। ਏਡੀਸੀ ਨੇ ਖ਼ਰੀਦੀ ਕਣਕ ਨੂੰ ਮੰਡੀਆਂ ਵਿਚੋਂ ਚੁਕਵਾਉਣ ਅਤੇ ਮਿੱਥੇ ਸਟੋਰਾਂ ਵਿੱਚ ਸਟੋਰ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਤਰਪਾਲਾਂ ਆਦਿ ਦਾ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ। ਇਸ ਮੀਟਿੰਗ ਵਿੱਚ ਆੜ੍ਹਤੀਆ ਵੱਲੋਂ ਰੱਖੀਆਂ ਗਈਆਂ ਸਮੱਸਿਆਵਾਂ ਅਤੇ ਸੁਝਾਵਾਂ ਤੇ ਵੀ ਚੀਮਾ ਨੇ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਢੰਗ ਨਾਲ ਖਰੀਦ, ਲਿਫਟਿੰਗ, ਬਾਰਦਾਨੇ ਦਾ ਪੂਰਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਇਸ ਲਈ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਜਾਂ ਉਨ੍ਹਾਂ ਨਾਲ ਸੰਪਰਕ ਕਰਨ। ਕਣਕ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਵੀ ਮੰਡੀ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡੀਐੱਫਐੱਸਓ ਨੂੰ ਝਗੜਾ ਨਿਵਾਰਨ ਕਮੇਟੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਡੀਐੱਫਐੱਸਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਕਰਨ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ ਅਤੇ ਸਟਾਫ਼ ਦੀ ਨਿਯੁਕਤੀ ਵੀ ਕਰ ਦਿੱਤੀ ਹੈ। ਮੰਡੀਆਂ ’ਚ ਬਾਰਦਾਨੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖ਼ਰੀਦੀ ਕਣਕ ਦੀ ਚੁਕਾਈ ਵੀ ਸਮੇਂ ਸਿਰ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀਆਂ ਦੇ ਸੈਕਟਰੀਆਂ ਨੇ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਸਫਾਈ ਦਾ ਪ੍ਰਬੰਧ ਅਤੇ ਲਾਈਟਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਮੀਟਿੰਗ ਵਿੱਚ ਰਾਏਕੋਟ ਦੇ ਐੱਸਡੀਐੱਮ ਰਮਨਜੀਤ ਸਿੰਘ, ਲੁਧਿਆਣਾ ਦਿਹਾਤੀ ਦੇ ਐੱਸਪੀ ਰਮਨਿੰਦਰ ਸਿੰਘ, ਜਗਰਾਓਂ ਸਬਡਵੀਜ਼ਨ ਦੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਤਹਿਸੀਲਦਾਰ ਰਮਨ ਕੁਮਾਰ, ਏਐੱਫਐੱਸਓ ਬੇਅੰਤ ਸਿੰਘ, ਸੁਪਰਡੈਂਟ ਸਰਬਜੀਤ ਸਿੰਘ ਸਮੇਤ ਮਾਰਕੀਟ ਕਮੇਟੀ ਦੇ ਸੈਕਟਰੀ, ਮੰਡੀ ਸੁਪਰਵਾਈਜਰ, ਖ਼ਰੀਦ ਏਜੰਸੀਆਂ ਦੇ ਇੰਸਪੈਕਟਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ, ਟਰਾਂਸਪੋਰਟ ਅਤੇ ਲੇਬਰ ਯੂਨੀਅਨਾਂ ਦੇ ਪ੍ਰਧਾਨ ਹਾਜ਼ਰ ਸਨ।
---
ਪ੍ਰਧਾਨ ਬਾਂਕਾ ਨੇ ਮੰਡੀਆਂ ਵਿਚ ਚੋਰੀ ਦਾ ਮੁੱਦਾ ਚੁੱਕਿਆ
ਜਗਰਾਓਂ ਵਿਖੇ ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਵਿਚ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਸੀਜ਼ਨ ਦੌਰਾਨ ਕਣਕ ਚੋਰੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਰਾਤ ਹੀ ਨਹੀਂ, ਦਿਨ ਦਿਹਾੜੇ ਵੀ ਚੋਰਾਂ ਦੇ ਸਰਗਰਮ ਟੋਲੇ ਭਾਰੀ ਮਾਤਰਾ ਵਿਚ ਫ਼ਸਲ ਚੋਰੀ ਕਰ ਲੈ ਜਾਂਦੇ ਹਨ, ਜਿਸ ਕਾਰਨ ਵੱਡਾ ਨੁਕਸਾਨ ਹੁੰਦਾ ਹੈ। ਇਸ ’ਤੇ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ 24 ਘੰਟੇ ਪੁਲਿਸ ਗਸ਼ਤ ਲਈ ਪੀਸੀਆਰ ਟੀਮ ਦੀ ਡਿਊਟੀ ਲਗਾ ਦਿੱਤੀ ਗਈ ਹੈ।