ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਗੈਰ-ਕਾਨੂੰਨੀ ਦਵਾਈ ਸਟਾਕ ’ਤੇ ਕਾਰਵਾਈ
ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਗੈਰਕਾਨੂੰਨੀ ਦਵਾਈ ਸਟਾਕ ’ਤੇ ਕਾਰਵਾਈ
Publish Date: Tue, 17 Mar 2026 07:44 PM (IST)
Updated Date: Wed, 18 Mar 2026 04:13 AM (IST)
2,376 ਟ੍ਰਾਮਾਡੋਲ ਗੋਲੀਆਂ ਬਰਾਮਦ, ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼
ਬਸੰਤ ਸਿੰਘ ਰੋੜੀਆ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਨਿਊ ਚੰਦਰ ਨਗਰ, ਲੁਧਿਆਣਾ ਵਿਖੇ ਸਥਿਤ ਇੱਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸੰਦੀਪ ਸੰਧੂ ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਵੱਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਨਿਯਮਾਂ ਤਹਿਤ ਕੀਤੀ ਗਈ। ਜਾਂਚ ਦੌਰਾਨ ਸਟੋਰ ਵਿੱਚ ਪ੍ਰੈਗਾਬਾਲਿਨ ਸਾਲਟ ਵਾਲੀਆਂ ਚਾਰ ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਸਟਾਕ ’ਚ ਮਿਲੀਆਂ ਪਰ ਉਕਤ ਫਰਮ ਵੱਲੋਂ ਇਨ੍ਹਾਂ ਦਵਾਈਆਂ ਦੇ ਖਰੀਦ ਦੇ ਰਿਕਾਰਡ ਪੇਸ਼ ਨਹੀਂ ਕੀਤੇ ਗਏ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਲਾਜ਼ਮੀ ਹਨ।
ਇਸ ਉਲੰਘਣਾ ਨੂੰ ਦੇਖਦਿਆਂ ਕਰੀਬ 23,408 ਰੁਪਏ ਮੁੱਲ ਦੀਆਂ ਦਵਾਈਆਂ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ ਸਟੋਰ ਦੀ ਹੋਰ ਜਾਂਚ ਦੌਰਾਨ ਟ੍ਰਾਮਾਡੋਲ ਦੀਆਂ 2,376 ਗੋਲੀਆਂ ਬਰਾਮਦ ਹੋਈਆਂ। ਟ੍ਰਾਮਾਡੋਲ ਨੂੰ ਸਾਈਕੋਟਰੋਪਿਕ ਪਦਾਰਥਾਂ ਦੀ ਸ੍ਰੇਣੀ ਵਿੱਚ ਆਉਣ ਕਾਰਨ ਬਰਾਮਦ ਗੋਲੀਆਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਚੌਕੀ ਜਗਤਪੁਰੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਐੱਨਡੀਪੀਐੱਸ ਐਕਟ ਅਧੀਨ ਐਫਆਈਆਰ ਦਰਜ ਕਰਨ ਲਈ ਪੁਲਿਸ ਚੌਕੀ ਜਗਤਪੁਰੀ ਨੂੰ ਭੇਜ ਦਿੱਤਾ ਗਿਆ ਹੈ ਤੇ ਡਰੱਗਜ਼ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਕਤ ਫਰਮ ਖਿਲਾਫ ਹੋਰ ਜਾਂਚ ਜਾਰੀ ਹੈ। ਡਰੱਗਜ਼ ਕੰਟਰੋਲ ਅਫਸਰ ਸੰਦੀਪ ਸੰਧੂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਵੀ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਐਨਡੀਪੀਐਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੈਰ ਕਾਨੂੰਨੀ ਤੌਰ ’ਤੇ ਦਵਾਈਆਂ ਦੇ ਸਟਾਕ ਅਤੇ ਵਿਕਰੀ ਨੂੰ ਰੋਕਣ ਅਤੇ ਲੋਕ ਸਿਹਤ ਦੀ ਸੁਰੱਖਿਆ ਲਈ ਇਹ ਕਾਰਵਾਈਆਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ।