ਫੇਲ੍ਹ ਹੋਣ ਦੀ ਕਗਾਰ ’ਤੇ ਐਸਟੀਪੀ ਪਲਾਂਟ
ਪਟਿਆਲਾ ਦੀ ਮਨਜ਼ੂਰੀ ਤੋਂ ਬਾਅਦ ਹੀ ਦਬਿਸ਼, ਪ੍ਰਦੂਸ਼ਕ ਯੂਨਿਟਾਂ ਖ਼ਿਲਾਫ਼ ਕਾਰਵਾਈ ਸਵਾਲਾਂ ‘ਚ
Publish Date: Thu, 12 Mar 2026 07:15 PM (IST)
Updated Date: Thu, 12 Mar 2026 07:18 PM (IST)

-ਪ੍ਰਿੰਟਿੰਗ ਯੂਨਿਟਾਂ ਤੋਂ ਨਿਕਾਸੀ ’ਤੇ ਸਵਾਲ, ਪਲਾਂਟਾਂ ’ਚ ਪਹੁੰਚ ਰਿਹਾ ਰੰਗਦਾਰ ਪਾਣੀ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਸੀਵਰ ਪਾਣੀ ਨਾਲ ਸੰਬੰਧਿਤ ਸੀਵਰੇਜ ਟਰੀਟਮੈਂਟ ਪਲਾਂਟ ਚ ਰੰਗਦਾਰ ਪਾਣੀ ਆਉਣ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਜਵਾਬ ਦੇ ਅਫਸਰ ਉਕਤ ਸਮੱਸਿਆ ਨੂੰ ਹੱਲ ਕਰਨ ਲਈ ਲਾਚਾਰ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪੀਪੀਸੀਬੀ ਵਿਭਾਗ ਲੁਧਿਆਣਾ ਬਿਨਾਂ ਅਪਰੂਵਲ ਮੁੱਖ ਦਫਤਰ ਪੀਪੀਸੀਬੀ ਪਟਿਆਲਾ ਦੇ ਆਲਾ ਅਧਿਕਾਰੀਆਂ ਦੇ ਕਿਸੇ ਵੀ ਗੈਰ ਕਾਨੂੰਨੀ ਯੂਨਿਟ ਤੇ ਜਾਂਚ ਲਈ ਦਬਿਸ਼ ਨਹੀਂ ਦੇ ਸਕਦੀ, ਜਿਸ ਦੇ ਚੱਲਦੇ ਲੁਧਿਆਣਾ ਦੇ ਕੈਲਾਸ਼ ਨਗਰ, ਭਾਮੀਆਂ, ਬਹਾਦਰ ਕੇ ਰੋਡ, ਰਾਹੋਂ ਰੋਡ, ਪਿੰਡ ਬਾਜੜਾ ਸਥਿਤ ਰੈਡ ਕੈਟਾਗਰੀ ਅਧੀਨ ਆਉਂਦੇ 50 ਦੇ ਕਰੀਬ ਪ੍ਰਿੰਟਿੰਗ ਯੂਨਿਟ ਬਿਨਾਂ ਟਰੀਟ ਕੀਤੇ ਆਪਣਾ ਪਾਣੀ ਨਗਰ ਨਿਗਮ ਦੀ ਸੀਵਰੇਜ ਲਾਈਨਾਂ ਚ ਡਿਸਪੋਜ਼ਲ ਕਰ ਰਹੇ ਹਨ, ਜਿਸ ਦੇ ਚਲਦੇ ਐਸਟੀਪੀ ਪਲਾਂਟ ਫੇਲ੍ਹ ਹੋਣ ਦੀ ਕਗਾਰ ’ਤੇ ਖੜ੍ਹੇ ਹਨ। ਦੱਸ ਦਈਏ ਕਿ ਐਸਟੀਪੀ ਪਲਾਂਟ ਦੇ ਸੰਚਾਲਕ ਵੱਲੋਂ ਐਸਟੀਪੀ ਦੀ ਇਨਲੈਟ ਪਾਈਪਾਂ ’ਚ ਰੰਗਦਾਰ ਕੈਮੀਕਲ ਵਾਲਾ ਪਾਣੀ ਆਉਣ ਦੀ ਸਮੱਸਿਆ ਬਾਰੇ ਕਈ ਬਾਰ ਨਗਰ ਨਿਗਮ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਅਤੇ ਨਗਰ ਨਿਗਮ ਵਿਭਾਗ ਵੱਲੋਂ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਨੂੰ ਜਾਣੂ ਕਰਵਾਇਆ ਗਿਆ ਹੈ। ਬਾਵਜੂਦ ਇਸਦੇ ਐਸਟੀਪੀਜ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। -ਮਾਮਲੇ ‘ਤੇ ਪੀਪੀਸੀਬੀ ਮੈਂਬਰ ਸਕੱਤਰ ਦੀ ਚੁੱਪੀ ਮਾਮਲੇ ਸਬੰਧੀ ਪੱਖ ਜਾਣਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਮੈਂਬਰ ਸਕੱਤਰ ਲਵਨੀਤ ਦੁਬੇ ਨਾਲ ਫੋਨ ਅਤੇ ਵਟਸਐਪ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਖਬਰ ਲਿਖੇ ਜਾਣ ਤੱਕ ਉਨ੍ਹਾਂ ਵੱਲੋਂ ਨਾ ਤਾਂ ਫੋਨ ਕਾਲ ਦਾ ਜਵਾਬ ਦਿੱਤਾ ਗਿਆ ਅਤੇ ਨਾ ਹੀ ਭੇਜੇ ਗਏ ਸਵਾਲਾਂ ‘ਤੇ ਕੋਈ ਪ੍ਰਤੀਕ੍ਰਿਆ ਦਿੱਤੀ ਗਈ। ਵਾਤਾਵਰਣ ਨਾਲ ਜੁੜੇ ਇਸ ਗੰਭੀਰ ਮਾਮਲੇ ’ਤੇ ਬੋਰਡ ਦੇ ਉੱਚ ਅਧਿਕਾਰੀ ਦੀ ਚੁੱਪੀ ਨੇ ਵਿਭਾਗੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। -ਜਾਂਚ ਤੇ ਕਾਰਵਾਈ ਸੰਬਧੀ ਆਰਟੀਆਈ ਲਾਉਣ ਦੀ ਤਿਆਰੀ ਉਕਤ ਮਾਮਲੇ ਚ ਦਖਲ ਦਿੰਦੇ ਪੀਏਸੀ ਆਗੂ ਅਤੇ ਵਾਤਾਵਰਨ ਪ੍ਰੇਮੀ ਸੇਵਾ ਮੁਕਤ ਕਰਨਲ ਸੀਐਮ ਲੱਖਨਪਾਲ ਵੱਲੋਂ ਜਾਣਕਾਰੀ ਦੇ ਅਧਿਕਾਰ ਕਾਨੂੰਨ (ਆਰਟੀਆਈ) ਤਹਿਤ ਸੰਬੰਧਿਤ ਵਿਭਾਗਾਂ ਤੋਂ ਜਾਣਕਾਰੀ ਮੰਗਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰਟੀਆਈ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਿਛਲੇ ਸਮੇਂ ਦੌਰਾਨ ਕਿੰਨੀਆਂ ਉਦਯੋਗਿਕ ਇਕਾਈਆਂ ਦੀ ਜਾਂਚ ਕੀਤੀ ਗਈ, ਕਿੰਨਾਂ ਖ਼ਿਲਾਫ਼ ਨੋਟਿਸ ਜਾਂ ਕਾਰਵਾਈ ਹੋਈ ਅਤੇ ਸੀਵਰੇਜ ਵਿੱਚ ਉਦਯੋਗਿਕ ਪਾਣੀ ਛੱਡਣ ਤੋਂ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ। ਊਨਾ ਦੱਸਿਆ ਕਿ ਉਕਤ ਮਾਮਲੇ ਸਮੇਤ ਬੁੱਢਾ ਦਰਿਆ ਨਾਲ ਸੰਬਧਤ ਹੋਰ ਗੰਭੀਰ ਮਸਲੇ ਸਬੰਧੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਜਿਨਾਂ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਹੋਇਆਂ ਲੁਧਿਆਣਾ ਦੇ ਪੀਪੀਸੀਬੀ ਦੇ ਉੱਚ ਅਧਿਕਾਰੀ ਵੱਲੋਂ ਸ਼ਿਕਾਇਤ ਦੀ ਜਾਂਚ ਜੂਨੀਅਰ ਇੰਜੀਨੀਅਰ ਨੂੰ ਸੌਂਪੀ ਗਈ ਹੈ,ਜੋ ਕਿ ਦਰਸ਼ਾਉਂਦਾ ਹੈ ਕਿ ਪ੍ਰਦੂਸ਼ਣ ਖਿਲਾਫ ਕੰਮ ਕਰਨ ਵਾਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਸਿਰਫ ਇੱਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ।