ਮੋਬਾਇਲ ਸ਼ੋਅਰੂਮ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ
ਮੋਬਾਇਲ ਸ਼ੋਅਰੂਮ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ
Publish Date: Thu, 22 Jan 2026 09:29 PM (IST)
Updated Date: Thu, 22 Jan 2026 09:30 PM (IST)

ਸ਼ੋਅਰੂਮ ਵਿੱਚੋਂ ਚੋਰੀ ਕੀਤੇ ਚਾਰ ਮੋਬਾਇਲ ਫੋਨ ਅਤੇ ਤਿੰਨ ਚਾਰਜਰ ਬਰਾਮਦ ਐਸਪੀ ਜੋਸ਼ੀ ਪੰਜਾਬੀ ਜਾਗਰਨ ਲੁਧਿਆਣਾ ਸਥਾਨਕ ਆਜ਼ਾਦ ਨਗਰ ਇਲਾਕੇ ਵਿੱਚ ਮੋਬਾਇਲ ਫੋਨ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੇ ਸ਼ਨਾਖਤ ਕਰਕੇ ਦੌਰਾਨੇ ਤਫਤੀਸ਼ ਦੋਨੋਂ ਮੁਲਜ਼ਮ ਗ੍ਰਿਫਤਾਰ ਕਰ ਲਏ ਹਨ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਜੇ ਚੌਧਰੀ ਅਤੇ ਸੰਨੀ ਚੌਧਰੀ ਵਾਸੀ ਆਜ਼ਾਦ ਨਗਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਦੋਨੋਂ ਭਰਾ ਮੂਲ ਰੂਪ ਵਿੱਚ ਪੱਛਮੀ ਚਮਪਾਰਨ ਬਿਹਾਰ ਦੇ ਰਹਿਣ ਵਾਲੇ ਹਨ। ਸ਼ੋਅਰੂਮ ਮਾਲਕ ਆਜ਼ਾਦ ਨਗਰ ਬਹਾਦਰਕੇ ਰੋਡ ਵਾਸੀ ਰਾਕੇਸ਼ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਪੁਲਿਸ ਨੇ ਮੁਲਜ਼ਮਾਂ ਕੋਲੋਂ ਵਧੇਰੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਰਕੇਸ਼ ਕੁਮਾਰ ਮੁਤਾਬਕ ਉਹ ਸਥਾਨਕ ਆਜ਼ਾਦ ਨਗਰ ਮੁਹੱਲੇ ਵਿੱਚ ਗੁਪਤਾ ਟੈਲੀਕਾਮ ਮੋਬਾਇਲ ਅਤੇ ਮੋਬਾਇਲ ਰਿਪੇਅਰ ਨਾਮ ਤੇ ਦੁਕਾਨ ਚਲਾਉਂਦਾ ਹੈ। 15 ਅਤੇ 16 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਸ ਦੀ ਦੁਕਾਨ ਦੇ ਪਿਛਲੇ ਪਾਸੇ ਕੋਨੇ ਤੋਂ ਛੱਤ ਉੱਪਰ ਪਏ ਟੀਨ ਨੂੰ ਇੱਕ ਪਾਸੇ ਕਰਕੇ ਚੋਰਾਂ ਨੇ ਦੁਕਾਨ ਵਿੱਚੋਂ ਮਹਿੰਗੇ ਮੋਬਾਇਲ ਚੋਰੀ ਕਰ ਲਏ। ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਦੁਕਾਨ ਵਿੱਚੋਂ ਬਟਨ ਵਾਲੇ ਮੋਬਾਇਲ, ਦੋ ਗ੍ਰਹਕਾਂ ਦੇ ਪੁਰਾਣੇ ਫੋਨ, ਹੈਡਫੋਨ, ਚਾਰਜਰ ਅਤੇ ਉਸ ਦਾ ਆਪਣਾ ਆਈਫੋਨ ਰੱਖਿਆ ਸੀ ਜੋ ਚੋਰ ਆਪਣੇ ਨਾਲ ਲੈ ਗਏ। ਜਦੋਂ ਇਸ ਵਾਰਦਾਤ ਸਬੰਧੀ ਥਾਣਾ ਬਸਤੀ ਜੋਧੇਵਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਪੜਤਾਲ ਦੌਰਾਨ ਮੁਲਜ਼ਮਾਂ ਦੀ ਸ਼ਨਾਖਤ ਇਸੇ ਮੁਹੱਲੇ ਵਿੱਚ ਰਹਿਣ ਵਾਲੇ ਸੰਜੇ ਚੌਧਰੀ ਅਤੇ ਉਸ ਦੇ ਭਰਾ ਸੰਨੀ ਚੌਧਰੀ ਦੇ ਰੂਪ ਵਿੱਚ ਹੋਈ। ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀਸ਼ੁਦਾ ਚਾਰ ਮੋਬਾਇਲ ਅਤੇ ਤਿੰਨ ਮੋਬਾਇਲ ਚਾਰਜਰ ਬਰਾਮਦ ਕਰ ਲਏ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਸੁਖਵਿੰਦਰ ਸਿੰਘ ਮੁਤਾਬਕ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਮਗਰੋਂ ਚੋਰੀ ਦੀਆਂ ਹੋਰ ਕਈ ਵਾਰਦਾਤਾਂ ਸਬੰਧੀ ਅਹਿਮ ਸੁਰਾਗ ਹੱਥ ਲੱਗਣ ਦੀ ਆਸ ਹੈ।