ਪਾਬੰਦੀਸ਼ੁਦਾ ਫਲੇਵਰ ਹੁੱਕਾ ਵੇਚਣ ਵਾਲਾ ਗ੍ਰਿਫਤਾਰ
ਪਾਬੰਦੀਸ਼ੁਦਾ ਫਲੇਵਰ ਹੁੱਕਾ ਵੇਚਣ ਵਾਲਾ ਮੁਲਜ਼ਮ ਗ੍ਰਿਫਤਾਰ
Publish Date: Sat, 21 Mar 2026 08:52 PM (IST)
Updated Date: Sun, 22 Mar 2026 04:17 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਪਾਬੰਦੀਸ਼ੁਦਾ ਫਲੇਵਰ ਹੁੱਕਾ ਸਪਲਾਈ ਕਰਨ ਵਾਲੇ ਕਥਿਤ ਮੁਲਜ਼ਮ ਨੂੰ ਥਾਣਾ ਹੈਬੋਵਾਲ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਬੱਲੋਕੀ ਇਲਾਕੇ ਵਿੱਚ ਤੁਰ ਫਿਰ ਕੇ ਆਪਣੇ ਗ੍ਰਾਹਕਾਂ ਨੂੰ ਇਹ ਜਾਨਲੇਵਾ ਫਲੇਵਰ ਹੁੱਕਾ ਸਪਲਾਈ ਕਰਦਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗਰੀਨ ਐਵਨਿਊ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਰੂਪ ਵਿੱਚ ਹੋਈ ਹੈ। ਹੌਲਦਾਰ ਮਨਦੀਪ ਸਿੰਘ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਪੁਲਿਸ ਨੇ ਉਸ ਦੇ ਨੈਟਵਰਕ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਫਲੇਵਰ ਹੁੱਕਾ ਦੀ ਖਰੀਦੋ ਫਰੋਖਤ ਖਿਲਾਫ ਪੁਲਿਸ ਦੀ ਬੀਤੇ ਦਿਨਾਂ ’ਚ ਸਖਤੀ ਨੂੰ ਵੇਖਦੇ ਹੋਏ ਗਰੀਨ ਐਵੇਨਿਊ ਦੇ ਰਹਿਣ ਵਾਲੇ ਮੁਲਜਮ ਅਸ਼ੋਕ ਕੁਮਾਰ ਨੇ ਇਹ ਗੋਰਖ ਧੰਦਾ ਚਲਾਉਣ ਦਾ ਨਵਾਂ ਤਰੀਕਾ ਚੁਣ ਲਿਆ। ਪੁਲਿਸ ਦੀਆਂ ਅੱਖਾਂ ਵਿੱਚ ਆਉਣ ਤੋਂ ਬਚਣ ਲਈ ਮੁਲਜ਼ਮ ਨੇ ਪੱਕਾ ਟਿਕਾਣਾ ਬਣਾਉਣ ਦੀ ਥਾਂ ’ਤੇ ਇਲਾਕੇ ’ਚ ਤੁਰ ਫਿਰ ਕੇ ਫਲੇਵਰ ਹੁੱਕਾ ਸਪਲਾਈ ਕਰਨ ਦਾ ਧੰਦਾ ਸ਼ੁਰੂ ਕਰ ਲਿਆ। ਉਹ ਮੋਬਾਇਲ ਫੋਨ ’ਤੇ ਗਾਹਕਾਂ ਨਾਲ ਸੰਪਰਕ ਕਰ ਕੇ ਸਮਾਂ ਤੇ ਥਾਂ ਪੱਕਾ ਕਰ ਲੈਂਦਾ। ਗਾਹਕਾਂ ਨੂੰ ਥਾਂ ਬਦਲ ਬਦਲ ਕੇ ਟਿਕਾਣਿਆਂ ਤੇ ਬੁਲਾਉਂਦਾ ਅਤੇ ਚਲਦੇ ਫਿਰਦੇ ਨਸ਼ਾ ਸਪਲਾਈ ਕਰਕੇ ਚੰਗਾ ਚੋਖਾ ਮੁਨਾਫਾ ਕਮਾ ਰਿਹਾ ਸੀ। ਪੁਲਿਸ ਨੂੰ ਉਸ ਦੇ ਇਸ ਗੋਰਖਧੰਦੇ ਬਾਰੇ ਗੁਪਤ ਰੂਪ ਨਾਲ ਜਾਣਕਾਰੀ ਮਿਲੀ ਤਾਂ ਮੁਲਜ਼ਮ ਨੂੰ ਪਿੰਡ ਬੱਲੋਕੀ ਸਥਿਤ ਇੱਕ ਸ਼ਰਾਬ ਦੇ ਠੇਕੇ ਕੋਲ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦ ਉਹ ਆਪਣੇ ਕਿਸੇ ਗ੍ਰਾਹਕ ਦਾ ਇੰਤਜ਼ਾਰ ਕਰ ਰਿਹਾ ਸੀ। ਸ਼ੁਰੂਆਤੀ ਪੜਤਾਲ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਦੋ ਹੁੱਕੇ ਅਤੇ ਨਸ਼ੇ ਦੇ ਫਲੇਵਰ ਬਰਾਮਦ ਕੀਤੇ ਹਨ। ਪੁਲਿਸ ਨੂੰ ਆਸ ਹੈ ਕਿ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਦੌਰਾਨ ਪਤਾ ਲੱਗੇਗਾ ਕਿ ਉਹ ਕਿਸ ਕੋਲੋਂ ਇਹ ਫਲੇਵਰ ਹੁੱਕੇ ਲਿਆਂਦਾ ਅਤੇ ਅੱਗੇ ਕਿਸ ਨੂੰ ਕਿਸ ਨੂੰ ਸਪਲਾਈ ਕਰਦਾ ਸੀ।