ਆੜਤੀਆਂ ਵੱਲੋਂ ਮੰਡੀਆਂ ’ਚ ਹੜਤਾਲ, ਨਹੀਂ ਸ਼ੁਰੂ ਹੋ ਸਰਕਾਰੀ ਖ਼ਰੀਦ
ਆੜਤੀਆਂ ਵੱਲੋਂ ਮੰਡੀਆਂ ’ਚ ਹੜਤਾਲ, ਨਹੀਂ ਸ਼ੁਰੂ ਹੋ ਸਰਕਾਰੀ ਖ਼ਰੀਦ
Publish Date: Wed, 01 Apr 2026 09:09 PM (IST)
Updated Date: Wed, 01 Apr 2026 09:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ : ਸੂਬੇ ਦੇ ਆੜ੍ਹਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਅਪ੍ਰੈਲ ਤੋਂ ਹੜਤਾਲ ’ਤੇ ਜਾਣ ਤੋਂ ਬਾਅਦ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਅਨਾਜ ਮੰਡੀ ’ਚ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਐਲਾਨ ਕੀਤਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਖ਼ਰੀਦ ਨਹੀਂ ਹੋਵੇਗੀ। ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਰ੍ਹੋਂ ਤੇ ਹੋਰ ਫ਼ਸਲਾਂ ਦੀ ਖ਼ਰੀਦ ਕਰਨ ਦੀ ਆੜ੍ਹਤੀਆਂ ਵੱਲੋਂ ਇਜਾਜ਼ਤ ਦਿੱਤੀ ਗਈ ਹੈ। ਕਾਲੜਾ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ’ਚ 1 ਅਪ੍ਰੈਲ ਤੋਂ ਹੜਤਾਲ ਕਰਨ ਦਾ ਐਲਾਨ 16 ਮਾਰਚ ਨੂੰ ਬੈਠਕ ਦੌਰਾਨ ਕੀਤਾ ਗਿਆ ਸੀ। ਆੜ੍ਹਤੀਆਂ ਦੀ ਨਾ ਕੋਈ ਸਿਆਸੀ ਜੱਥੇਬੰਦੀ ਹੈ ਤੇ ਨਾ ਹੀ ਸਰਕਾਰ ਨਾਲ ਕੋਈ ਲੜ੍ਹਾਈ ਨਹੀਂ ਹੈ। ਸਰਕਾਰ ਦਾ ਆਪਣਾ ਬਣਾਇਆ ਪੰਜਾਬ ਮੰਡੀ ਬੋਰਡ ਦਾ ਐਕਟ ਲਾਗੂ ਕਰਵਾਉਣ ਲਈ ਸਰਕਾਰ ਨੂੰ ਅਪੀਲ ਕਰ ਰਹੇ ਹਾਂ, ਜਿਸ ਤਹਿਤ ਆੜ੍ਹਤੀਆਂ ਨੂੰ 2.5 ਫੀਸਦੀ ਕਮਿਸ਼ਨ ਮਿਲਦਾ ਸੀ ਪਰ ਹੁਣ ਆੜ੍ਹਤੀਆਂ ਨੂੰ ਹਰੇਕ ਸਾਲ 600 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਆਪਣੇ ਮਸਲੇ ਲਈ ਆੜ੍ਹਤੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨਾਲ ਲਗਾਤਰ ਮੀਟਿੰਗਾਂ ਕੀਤੀਆਂ। ਸਾਲ 2024 ’ਚ ਵੀ ਆੜ੍ਹਤੀਆਂ ਦੀ ਹੜਤਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਸੱਦੀ ਸੀ, ਜਿੰਨ੍ਹਾਂ ਨੇ ਸਾਡੀ ਮੰਗ ਨੂੰ ਜਾਇੰਜ ਦੱਸਦੇ ਹੋਏ ਆਖਿਆ ਸੀ ਕਿ ਉਹ ਖ਼ਰੀਦ ਸ਼ੁਰੂ ਕਰਵਾਉਣ , ਜੇਕਰ ਕੇਂਦਰ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਜਿਹੜਾ ਅੰਤਰ ਹੋਵੇਗਾ, ਉਸਦੀ ਭਰਪਾਈ ਪੰਜਾਬ ਸਰਕਾਰ ਕਰੇਗੀ ਪਰ ਪੰਜਾਬ ਸਰਕਾਰ ਨੇ ਮੁੜ ਕੇ ਨਾਲ ਮੀਟਿੰਗ ਸੱਦੀ ਤੇ ਨਾ ਹੀ ਕਮਿਸ਼ਨ ਦਿੱਤਾ। ਪੰਜਾਬ ਦੇ ਆੜ੍ਹਤੀਆਂ ਨੂੰ ਹਰਿਆਣੇ ਦੇ ਮੁਕਾਬਲੇ ਪ੍ਰਤੀ ਕੁਇੰਟਲ 9 ਰੁਪਏ ਦਾ ਘਾਟਾ ਹੈ। ਮੁੱਖ ਮੰਤਰੀ ਨੇ ਸਾਲ 2025 ’ਚ ਵੀ ਹੜ੍ਹ ਆਉਣ ਕਰਕੇ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਸੀ ਪਰ ਇਸ ਮਗਰੋਂ ਵੀ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਰਕੇ 16 ਮਾਰਚ ਨੂੰ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਯਾਦਵਿੰਦਰ ਸਿੰਘ ਲਿਬੜਾ, ਸੁਖਵਿੰਦਰ ਸਿੰਘ ਸੁੱਖੀ, ਭਰਪੂਰ ਚੰਦ ਬੈਕਟਰ, ਗੁਰਚਰਨ ਸਿੰਘ ਢੀਂਡਸਾ, ਲਖਵੀਰ ਸਿੰਘ ਜੱਸਾ ਬੌਪੁਰ, ਮੋਹਿਤ ਗੋਇਲ, ਭੁਪਿੰਦਰ ਸਿੰਘ ਅਲੋੜ, ਸੁਭਾਸ਼, ਸੰਜੀਵ ਧੰਮੀ, ਵੇਦ ਪ੍ਰਕਾਸ਼, ਸਤੀਸ਼ ਕੁਮਾਰ ਗਰਗ, ਬੂਟਾ ਸਿੰਘ ਰਾਜੇਵਾਲ, ਭੁਪਿੰਦਰ ਸਿੰਘ, ਵਿਸ਼ਾਲ ਸੈਂਟੀ, ਦਰਸ਼ਨ ਸਿੰਘ ਗਿੱਲ, ਫਤਿਹ ਸਿੰਘ ਜਰਗ, ਸੰਜੀਵ ਕੁਮਾਰ ਸੀਲੀ, ਮੁਨੀਮ ਯੂਨੀਅਨ ਪ੍ਰਧਾਨ ਹਰਸੇਮ ਪਾਲ ਬੱਤਾ, ਸੁਰਿੰਦਰ ਕੁਮਾਰ ਸ਼ਾਹੀ, ਜਸਪਾਲ ਸਿੰਘ ਕਾਲਾ, ਰਕੇਸ਼ ਕੁਮਾਰ ਬਿੱਟਾ, ਬਲਕਾਰ ਸਿੰਘ ਬਿੱਟੂ, ਜਗਤਾਰ ਸਿੰਘ ਇਕਲਾਹੀ, ਗਿਰਧਾਰੀ ਲਾਲ, ਭਗਵਾਨ ਦਾਸ ਭਾਨਾ, ਹਰੀਸ਼ ਕੁਮਾਰ ਆਦਿ ਹਾਜ਼ਰ ਸਨ।