ਯਾਰੀ ਦੇ 63 ਸਾਲਾਂ ਦੀ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਏੇ ‘ਆੜੀ’
ਯਾਰੀ ਦੇ 63 ਸਾਲਾਂ ਦੀ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਏੇ ‘ਆੜੀ’
Publish Date: Mon, 02 Mar 2026 08:01 PM (IST)
Updated Date: Tue, 03 Mar 2026 04:09 AM (IST)

-ਵਿਛੜੇ ਯਾਰਾਂ ਨੂੰ ਯਾਦ ਕਰਦਿਆਂ ਆੜੀ ਹੋਏ ਭਾਵੁਕ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਪਿੰਡ ਕਮਾਲਪੁਰਾ ਵਿਖੇ 6 ਦਹਾਕੇ ਪਹਿਲਾਂ ਦਸਵੀਂ ਤੱਕ ਇਕੱਠੇ ਪੜ੍ਹੇ ਆੜੀਆਂ ਨੇ ਯਾਰੀ ਦੀ 63ਵੀਂ ਵਰ੍ਹੇਗੰਢ ਮਨਾਉਂਦਿਆਂ ਬੀਤੇ ਸਮੇਂ ਦੀਆਂ ਯਾਦਾਂ ਦੀ ਸਾਂਝ ਪਾਈ। ਯਾਰੀ ਦੀ ਵਰ੍ਹੇਗੰਢ ਮਨਾਉਂਦਿਆਂ ਆੜੀਆਂ ਨੇ ਬਚਪਨ ਵਿਚ ਕੀਤੀਆਂ ਸ਼ਰਾਰਤਾਂ ਨੂੰ ਯਾਦ ਕਰਦਿਆਂ ਜਿੱਥੇ ਹਾਸਾ ਢਿੱਠਾ ਕੀਤਾ, ਉਥੇ ਕਈ ਯਾਰਾਂ ਦੇ ਜਹਾਨੋਂ ਰੁਖਸਤ ਹੋ ਜਾਣ ’ਤੇ ਯਾਦ ਕਰਦਿਆਂ ਹੰਝੂ ਵੀ ਕੇਰੇ। ਪਿੰਡ ਕਮਾਲਪੁਰਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਗੌਰਮਿੰਟ ਹਾਈ ਸਕੂਲ ’ਚ 1963 ਬੈਚ ਦੇ ਦਸਵੀਂ ਦੇ ਜਮਾਤੀ ਜਦ ਵਰ੍ਹੇਗੰਢ ਸਮਾਗਮ ’ਚ ਪੁੱਜੇ ਤਾਂ ਮਿੱਤਰਾਂ ਦੀ ਮਿਲਣੀ ਯਾਦਗਾਰ ਬਣ ਗਈ। ਜਦੋਂ ਇੱਕ ਦੂਸਰੇ ਨੂੰ ਦੇਖਦਿਆਂ ਹੀ ਬਚਪਨ ਦੀਆਂ ਛੇੜਾਂ ਵਾਲੇ ਨਾਮਾਂ ਨਾਲ ਬੁਲਾਉਂਦਿਆਂ ਬੁਢਾਪੇ ਨੂੰ ਭੁੱਲਦਿਆਂ 63 ਸਾਲ ਪਹਿਲਾਂ ਜਵਾਨੀ ਦੇ ਦੌਰ ’ਚ ਜਾ ਪੁੱਜੇ। ਇਸ ਮਿੱਤਰਾਂ ਦੀ ਮਿਲਣੀ ਵਿਚ ਕਈ ਯਾਰ ਵਿਦੇਸ਼ਾਂ ਵਿਚੋਂ ਵੀ ਪਹੁੰਚੇ ਹੋਏ ਸਨ। ਜੋ ਅੱਜ ਦੇ ਮਾਹੌਲ ਨੂੰ ਦੇਖ ਕੇ ਭਾਵੁਕ ਹੋਏ ਅਤੇ ਸੱਤ ਸਮੁੰਦਰ ਪਾਰ ਜਾ ਵਸਣ ਦਾ ਦਰਦ ਬਿਆਨ ਕਰਦਿਆਂ ਬੋਲੇ ਕਿ ਇਥੋਂ ਵਰਗਾ ਪਿਆਰ, ਸਤਕਾਰ, ਯਾਰੀ, ਮਾਹੌਲ ਕਿਤੇ ਨਹੀਓਂ ਲੱਭਣਾ। ਸਟੇਜ ਦਾ ਸੰਚਾਲਨ ਕਰਦਿਆਂ ਸੁਖਦੇਵ ਸਿੰਘ ਰੂੰਮੀ ਨੇ ਸਕੂਲ ਸਮੇਂ ਦੀਆਂ ਕਈ ਖੱਟੀ ਮਿੱਠੀ ਯਾਦਾਂ ਦੀ ਸਾਂਝ ਪਾਉਂਦਿਆਂ ਸਮਾਗਮ ’ਚ ਰੰਗ ਬੰਨਿ੍ਹਆ। ਦੋਸਤਾਂ ਵਿਚ ਇੰਜ. ਅਮਰਜੀਤ ਸਿੰਘ, ਇੰਜ. ਸੁਰਜੀਤ ਸਿੰਘ ਔਲਖ ਨੇ ਆਪਣੇ ਵਿਚਾਰਾਂ ਨਾਲ ਮਿੱਤਰਤਾ ਦੇ ਸੁਨਹਿਰੀ ਪਲ਼ਾਂ ਨੂੰ ਯਾਦ ਕਰਦਿਆਂ ’ਮਿੱਤਰ ਮਿਲਣੀ’ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੇ ਸੁਖਦੇਵ ਸਿੰਘ ਰੂਮੀਂ, ਇੰਜ. ਅਮਰਜੀਤ ਸਿੰਘ ਸਿੱਧੂ ਚੀਮਾ, ਲਛਮਣ ਸਿੰਘ ਉਮਰਪੁਰਾ, ਕਰਨੈਲ ਸਿੰਘ ਉਮਰਪੁਰਾ ਆਦਿ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਪਿੰਡ ਦੇ ਹੀ ਨੌਜਵਾਨ ਗਾਇਕ ਪਰਮ ਚੀਮਾ, ਲੱਕੀ ਖਾਨ ਅਲੀ ਲੰਮੇ ਵੀ ਪਹੁੰਚੇ। ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਇਸ ਸਮਾਗਮ ਨੂੰ ਹੋਰ ਰੰਗੀਨ ਬਣਾਇਆ। ਇਸ ਮੌਕੇ ਸੁਖਦੇਵ ਸਿੰਘ ਗਿੱਲ ਰੂਮੀਂ ਕੈਨੇਡਾ, ਲਛਮਣ ਸਿੰਘ ਉਮਰਪੁਰਾ, ਕਰਨੈਲ ਸਿੰਘ ਸੇਖੋਂ ਉਮਰਪੁਰਾ ਕੈਨੇਡਾ, ਦਰਸ਼ਨ ਸਿੰਘ ਰੂਮੀਂ ਸਵੀਡਨ, ਅਜਮੇਲ ਸਿੰਘ ਢਿੱਲੋਂ ਬਿੰਜਲ, ਨਿਰਭੈ ਸਿੰਘ ਸਿੱਧੂ, ਅਮਰਜੀਤ ਸਿੰਘ ਕਮਾਲਪੁਰਾ, ਦਰਸ਼ਨ ਸਿੰਘ ਕਮਾਲਪੁਰਾ, ਹਰਜੀਤ ਸਿੰਘ ਚੀਮਾ, ਨਛੱਤਰ ਸਿੰਘ ਜਗਰਾਓਂ, ਸੁਰਜੀਤ ਸਿੰਘ ਲੰਮੇਂ, ਗੁਰਮੇਲ ਸਿੰਘ ਗਿੱਲ ਰੂਮੀਂ, ਕਰਮਜੀਤ ਸਿੰਘ ਸਿੱਧੂ ਕੈਨੇਡਾ, ਜਸਬੀਰ ਸਿੰਘ ਸਿੱਧੂ ਚੀਮਾ, ਮੁਨਸ਼ਾ ਸਿੰਘ ਕਮਾਲਪੁਰਾ, ਦਰਬਾਰਾ ਸਿੰਘ ਬਿੰਜਲ, ਪ੍ਰਸ਼ੋਤਮ ਲਾਲ ਰਾਏਕੋਟ ਆਦਿ ਹਾਜ਼ਰ ਸਨ।