ਸਾਂਝ ਕੇਂਦਰ ’ਤੇ ‘ਵੱਢੀ’ ਲੈਂਦਾ ਸਿਪਾਹੀ ਫੜਿਆ
ਆਪ ਦੇ ਹਲਕਾ ਇੰਚਾਰਜ ਨੇ ਸਾਂਝ ਕੇਂਦਰ ’ਤੇ ‘ਵੱਢੀ’ ਲੈਂਦਾ ਸਿਪਾਹੀ ਫੜਿਆ
Publish Date: Mon, 30 Mar 2026 07:34 PM (IST)
Updated Date: Tue, 31 Mar 2026 04:11 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਆਪ ਨਾਲ ਜੁੜੇ ਸਾਬਕਾ ਸਰਪੰਚ ਦੇ ਰਿਸ਼ਤੇਦਾਰ ਤੋਂ ਸਾਂਝ ਕੇਂਦਰ ’ਤੇ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਕਰਨ ਬਦਲੇ ਚਾਰ ਹਜਾਰ ਰੁਪਏ ‘ਵੱਢੀ’ ਲੈਂਦੇ ਸਿਪਾਹੀ ਫੜਿਆ। ਇਸ ਦੌਰਾਨ ਹਲਕਾ ਇੰਚਾਰਜ ਨੇ ਵਿਜੀਲੈਂਸ ਵਾਂਗ ਟਰੈਪ ਲਗਾ ਕੇ ਮੁਲਾਜ਼ਮ ਨੂੰ ਰੰਗੇਂ ਹੱਥੀਂ ਉਸ ਸਮੇਂ ਕਾਬੂ ਕੀਤਾ ਜਦੋਂ ਹਲਕਾ ਇੰਚਾਰਜ ਵੱਲੋਂ ਦਿੱਤੇ ਗਏ ਨੋਟ ਮੁਲਾਜ਼ਮ ਨੇ ਵੈਰੀਫਿਕੇਸ਼ਨ ਕਰਵਾਉਣ ਆਏ ਬਜ਼ੁਰਗ ਤੋਂ ਫੜੇ। ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਨੇ ਦੱਸਿਆ ਪਿੰਡ ਦਾਖਾ ਦੇ ਰਹਿਣ ਵਾਲੇ ਵਿਅਕਤੀ ਜਗਤਾਰ ਸਿੰਘ ਨੇ ਆਪਣੀ ਪਤਨੀ ਕੁਲਦੀਪ ਕੌਰ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਵਾਉਣੀ ਸੀ, ਜਿਸ ਲਈ ਸਾਂਝ ਕੇਂਦਰ ਵਿੱਚ ਤਾਇਨਾਤ ਉੱਕਤ ਸਿਪਾਹੀ ਮਨਜਿੰਦਰ ਸਿੰਘ ਨੇ ਚਾਰ ਹਜਾਰ ਰੁਪਏ ਦੀ ਮੰਗ ਕੀਤੀ ਤਾਂ ਉਹਨਾਂ ਦੀ ਮੰਗ ਪੂਰੀ ਕਰ ਦਿੱਤੀ । ਡਾ. ਕੰਗ ਨੇ ਦੱਸਿਆ ਕਿ ਉਹਨਾਂ ਖੁਦ ਮੌਕੇ ’ਤੇ ਜਾ ਕੇ ਉੱਕਤ ਰਕਮ ਮਨਜਿੰਦਰ ਸਿੰਘ ਦੇ ਬੈਗ ਵਿੱਚੋਂ ਕਢਵਾ ਕੇ ਪਹਿਲਾਂ ਤੋਂ ਕੀਤੀ ਫੋਟੋਆ ਕਾਪੀਆਂ ਨਾਲ ਮਿਲਾਉਣ ਉਪਰੰਤ ਇਸਦੀ ਸੂਚਨਾ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਮੁਖੀ ਕੁਲਜਿੰਦਰ ਸਿੰਘ ਨੂੰ ਦਿੱਤੀ, ਜਿਨ੍ਹਾਂ ਸਬੰਧਿਤ ਮੁਲਾਜਮ ਨੂੰ ਆਪਣੀ ਹਿਰਾਸਤ ਵਿੱਚ ਲੈਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਕੰਗ ਨੇ ਦੱਸਿਆ ਮਨਜਿੰਦਰ ਸਿੰਘ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਾਰਨ ਅੱਜ ਉੱਕਤ ਕਾਰਵਾਈ ਕੀਤੀ ਗਈ ਹੈ। ਜਦੋਂ ਇਸ ਮਾਮਲੇ ਬਾਰੇ ਸਿਪਾਹੀ ਮਨਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਮੈਨੂੰ ਇੱਕ ਸਾਜਿਸ਼ ਤਹਿਤ ਫਸਾਇਆ ਗਿਆ ਹੈ ਤੇ ਉਹ ਬਿਲਕੁਲ ਨਿਰਦੋਸ਼ ਹੈ।