ਆਪ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੂੰ ਦਿਖਾਏ ਕਾਲੇ ਝੰਡੇ
ਆਪ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੂੰ ਦਿਖਾਏ ਕਾਲੇ ਝੰਡੇ
Publish Date: Sun, 22 Feb 2026 10:04 PM (IST)
Updated Date: Mon, 23 Feb 2026 04:16 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਅੱਜ ਆਮ ਆਦਮੀ ਪਾਰਟੀ ਦੇ ਅਤੇ ਆਗੂਆਂ ਅਤੇ ਵਲੰਟੀਅਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਲੁਧਿਆਣਾ ਵਿੱਚ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ। ‘ਪੂਰਵਾਂਚਲ ਸਨਮਾਨ ਰੈਲੀ’ ਵਿੱਚ ਸ਼ਾਮਲ ਹੋਣ ਆਏ ਸੈਣੀ ਦਾ ਕਾਫ਼ਲਾ ਜਿਵੇਂ ਹੀ ਧੂਰੀ ਲਾਈਨ ਰੇਲਵੇ ਓਵਰ ਬ੍ਰਿਜ ਉੱਤਰਿਆ, ‘ਆਪ’ ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਾਲੇ ਝੰਡੇ ਦਿਖਾ ਕੇ ਉਨ੍ਹਾਂ ਦੀ ਪੰਜਾਬ ਆਮਦ ਦਾ ਵਿਰੋਧ ਕੀਤਾ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਵਿਰੋਧੀ ਰੁਖ ਅਪਣਾਉਦੇ ਹੋਏ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੇਂਦਰ ਵਿੱਚ ਬੈਠ ਕੇ ਪੰਜਾਬ ਦੇ ਸਿਹਤ, ਸਿੱਖਿਆ ਅਤੇ ਵਿਕਾਸ ਦੇ ਫੰਡ ਰੋਕਦੇ ਹਨ, ਅਤੇ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਭੋਲੀ ਨਹੀਂ ਹੈ, ਉਹ ਇਨ੍ਹਾਂ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਪਛਾਣਦੀ ਹੈ। ਇਸ ਮੌਕੇ ‘ਆਪ’ ਦੇ ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੇ ਝੂਠੇ ਪ੍ਰਚਾਰ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ। ਅੱਜ ਦਾ ਇਹ ਪ੍ਰਦਰਸ਼ਨ ਭਾਜਪਾ ਅਤੇ ਇਸ ਦੇ ਨੇਤਾਵਾਂ ਨੂੰ ਇੱਕ ਸਪੱਸ਼ਟ ਸੰਦੇਸ਼ ਹੈ ਕਿ ਉਹ ਪੰਜਾਬ ਵਿੱਚ ਆ ਕੇ ਆਪਣੀ ਕਿਸਾਨ ਵਿਰੋਧੀ, ਵਪਾਰ ਵਿਰੋਧੀ ਅਤੇ ਪੰਜਾਬ ਵਿਰੋਧੀ ਨੀਤੀਆਂ ’ਤੇ ਪਰਦਾ ਨਹੀਂ ਪਾ ਸਕਦੇ। ਪ੍ਰਦਰਸ਼ਨ ਦੌਰਾਨ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਅੰਕੜੇ ਪੇਸ਼ ਕਰਦਿਆਂ ਭਾਜਪਾ ’ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੰਜਾਬ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਣੇ ਸੂਬੇ ਦੇ ਹਾਲਾਤ ’ਤੇ ਨਜ਼ਰ ਮਾਰਨੀ ਚਾਹੀਦੀ ਹੈ। ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ, ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੰਜਾਬ ਦੇਸ਼ ਵਿੱਚ ਦੂਜੇ ਨੰਬਰ ’ਤੇ ਹੈ, ਜਦਕਿ ਹਰਿਆਣਾ ਵਿੱਚ 2023 ਵਿੱਚ 1000 ਤੋਂ ਵੱਧ ਅਤੇ 2024 ’ਚ 900 ਤੋਂ ਵੱਧ ਕਤਲ ਹੋਏ। ਉੱਥੇ ਔਰਤਾਂ ਅਤੇ ਦਲਿਤਾਂ ਖ਼ਿਲਾਫ਼ ਅੱਤਿਆਚਾਰ ਦੀਆਂ ਘਟਨਾਵਾਂ ਵੀ ਕਾਫ਼ੀ ਵੱਧ ਹਨ। ਪੰਜਾਬ ਦੇ ਕਿਸਾਨਾਂ ’ਤੇ ਕਰਜ਼ੇ ਦਾ ਬੋਝ ਉਸ ਵਕਤ ਵਧਿਆ ਜਦੋਂ ਭਾਜਪਾ ਇੱਥੇ ਸੱਤਾ ਵਿੱਚ ਸੀ। ਝੂਠੇ ਬਿਆਨਾਂ ਨਾਲ ਅੰਕੜੇ ਨਹੀਂ ਬਦਲੇ ਜਾ ਸਕਦੇ। ਇਸ ਪ੍ਰਦਰਸ਼ਨ ਵਿੱਚ ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ, ਸਕੱਤਰ ਨਿਧੀ ਗੁਪਤਾ, ਮਹਿਲਾ ਵਿੰਗ ਦੀ ਜ਼ੋਨ ਇੰਚਾਰਜ ਅਜਿੰਦਰ ਪਾਲ ਕੌਰ, ਮਹਿਲਾ ਵਿੰਗ ਦੀ ਪ੍ਰਧਾਨ ਮਨੀਸ਼ਾ ਕਪੂਰ, ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਐਮਪੀ ਜਵੱਦੀ, ਐਸਸੀ ਵਿੰਗ ਦੇ ਪ੍ਰਧਾਨ ਕਪਿਲ ਸਿੱਧੂ, ਬੀਸੀ ਵਿੰਗ ਦੇ ਪ੍ਰਧਾਨ ਵਿਜੇ ਸਿੰਘ ਸਮੇਤ ਆਪ ਦੇ ਵਲੰਟੀਅਰ ਹਾਜ਼ਰ ਸਨ।