ਭਰਾ ਭਰਜਾਈ ਦਾ ਰਿਸ਼ਤਾ ਠੀਕ ਕਰਵਾਉਣ ਗਈ ਲੜਕੀ ਨਾਲ ਅਸ਼ਲੀਲ ਹਰਕਤਾਂ
ਭਰਾ ਭਰਜਾਈ ਦਾ ਰਿਸ਼ਤਾ ਠੀਕ ਕਰਵਾਉਣ ਗਈ ਲੜਕੀ ਨਾਲ ਨੌਜਵਾਨ ਨੇ ਕੀਤੀਆਂ ਅਸ਼ਲੀਲ ਹਰਕਤਾਂ
Publish Date: Fri, 24 Apr 2026 06:31 PM (IST)
Updated Date: Fri, 24 Apr 2026 06:34 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਫਤਿਹ ਸਿੰਘ ਨਗਰ ਇਲਾਕੇ ਵਿਚ ਪਰਿਵਾਰਕ ਰਿਸ਼ਤਿਆਂ ਵਿਚ ਆਈ ਖਟਾਸ ਨੂੰ ਸੁਲਝਾਉਣ ਲਈ ਹੋ ਰਹੀ ਗੱਲਬਾਤ ਦੌਰਾਨ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਭਰਾ-ਭਰਜਾਈ ਦੇ ਰਿਸ਼ਤੇ ਵਿਚ ਤਣਾਅ ਦੇ ਚੱਲਦਿਆਂ ਇਕ ਲੜਕੀ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਦੇ ਸਹੁਰਿਆਂ ਦੇ ਘਰ ਮਸਲਾ ਸੁਲਝਾਉਣ ਗਈ ਸੀ, ਪਰ ਕੁੱਝ ਹੀ ਸਮੇਂ ਬਾਅਦ ਗੱਲਬਾਤ ਹੀ ਹਿੰਸਕ ਟਕਰਾਅ ਵਿਚ ਬਦਲ ਗਈ। ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਗੱਲਬਾਤ ਦੌਰਾਨ ਉਹ ਘਰ ਦੀ ਛੱਤ ‘ਤੇ ਕੁਰਸੀ ‘ਤੇ ਬੈਠੀ ਹੋਈ ਸੀ। ਇਸੇ ਵੇਲੇ ਉਸਦੀ ਕੁਰਸੀ ਦੇ ਪਿੱਛੇ ਖੜ੍ਹੇ ਲੜਕੇ ਪ੍ਰਿੰਸ ਨੇ ਅਚਾਨਕ ਉਸ ਨਾਲ ਅਸ਼ਲੀਲ ਹਰਕਤਾਂ ਕਰਨੀ ਸ਼ੁਰੂ ਕਰ ਦਿੱਤੀਆਂ। ਜਦੋਂ ਲੜਕੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਤਾਂ ਮਾਮਲਾ ਤੁਰੰਤ ਭੜਕ ਉੱਠਿਆ। ਵਿਰੋਧ ਤੋਂ ਬਾਅਦ ਹੋਰ ਮੁਲਜ਼ਮ ਹਰਜਿੰਦਰ ਸਿੰਘ, ਗੁਰਪ੍ਰੀਤ ਕੌਰ, ਕਿਰਨ ਅਤੇ ਚਰਨਜੀਤ ਕੌਰ ਵੀ ਗੁੱਸੇ ਵਿਚ ਆ ਗਏ ਅਤੇ ਸਾਰਿਆਂ ਨੇ ਇਕੱਠੇ ਹੋ ਕੇ ਲੜਕੀ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਹੱਦਾਂ ਪਾਰ ਕਰਦਿਆਂ ਰੱਸੀ ਨਾਲ ਉਸਦਾ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਦੌਰਾਨ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲੇ ਦੀ ਸੂਚਨਾ ਮਿਲਣ ‘ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।