ਸਰੀਆ ਫੈਕਟਰੀ ’ਚ ਕੰਮ ਕਰਨ ਵਾਲੇ ਮਜ਼ਦੂਰ ਦੀ ਸ਼ੱਕੀ ਹਾਲਾਤ ’ਚ ਮੌਤ
ਸਰੀਆ ਫੈਕਟਰੀ ਅੰਦਰ ਕੰਮ ਕਰਨ ਵਾਲੇ ਮਜ਼ਦੂਰ ਦੀ ਸ਼ੱਕੀ ਹਾਲ ’ਚ ਹੋਈ ਮੌਤ
Publish Date: Wed, 25 Mar 2026 08:14 PM (IST)
Updated Date: Thu, 26 Mar 2026 04:08 AM (IST)
* ਪਰਿਵਾਰ ਨੇ ਇਲਾਜ ’ਚ ਅਣਗੈਲੀ ਦੇ ਲਾਏ ਦੋਸ਼, ਮਾਲਕ ’ਤੇ ਪਰਚਾ ਦਰਜ
ਐੱਸਪੀ ਜੋਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਮਹਾਨਗਰ ਦੇ ਫੋਕਲ ਪੁਆਇੰਟ ਫੇਜ਼-7 ਦੀ ਇਕ ਫੈਕਟਰੀ ’ਚ ਕੰਮ ਕਰਨ ਵਾਲੇ ਮਜ਼ਦੂਰ ਦੀ ਫੈਕਟਰੀ ਅੰਦਰ ਹੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਇਸ ਸਰੀਆ ਫੈਕਟਰੀ ’ਚ ਕੰਮ ਕਰਦੇ ਮੌਤ ਦੇ ਮੂੰਹ ’ਚ ਗਏ ਮਜ਼ਦੂਰ ਦੀ ਪਛਾਣ ਬਲਿਸਟਰ ਮਹਤੋ (54) ਵਜੋਂ ਹੋਈ ਹੈ। ਫੈਕਟਰੀ ’ਚ ਕੰਮ ਕਰਨ ਦੌਰਾਨ ਬਲਿਸਟਰ ਮਹਤੋ ਨੂੰ ਅਚਾਨਕ ਚੱਕਰ ਆਇਆ ਤੇ ਉਹ ਜ਼ਮੀਨ ’ਤੇ ਹੀ ਡਿੱਗ ਪਿਆ। ਪਰਿਵਾਰ ਵਾਲਿਆਂ ਮੁਤਾਬਕ ਬਲਿਸਟਰ ਕਰੀਬ ਤਿੰਨ ਘੰਟੇ ਬੇਹੋਸ਼ੀ ਦੀ ਹਾਲਤ ’ਚ ਫੈਕਟਰੀ ਅੰਦਰ ਪਿਆ ਰਿਹਾ, ਪਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਊਸ਼ਾ ਦੇਵੀ ਦੀ ਸ਼ਿਕਾਇਤ ਉਪਰ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਫੈਕਟਰੀ ਮਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਊਸ਼ਾ ਦੇਵੀ ਮੁਤਾਬਕ ਉਸ ਦਾ ਪਤੀ ਬਲਿਸਟਰ ਮਹਤੋ ਮੂਲ ਰੂਪ ’ਚ ਬਿਹਾਰ ਦਾ ਵਾਸੀ ਸੀ ਅਤੇ ਕਈ ਸਾਲ ਪਹਿਲਾਂ ਉਹ ਰੋਜ਼ੀ-ਰੋਟੀ ਦੀ ਭਾਲ ’ਚ ਪੰਜਾਬ ਆ ਗਿਆ। ਊਸ਼ਾ ਆਪਣੇ 5 ਬੱਚਿਆਂ ਸਮੇਤ ਪਿੰਡ ’ਚ ਹੀ ਰਹਿ ਰਹੀ ਸੀ। ਪਿਛਲੇ ਕਈ ਸਾਲ ਤੋਂ ਉਸ ਦਾ ਪਤੀ ਗੋਬਿੰਦਗੜ੍ਹ ਰਹਿ ਰਿਹਾ ਸੀ ਤੇ ਜਦੋਂ ਦੀ ਇਹ ਫੈਕਟਰੀ ਸ਼ੁਰੂ ਹੋਈ ਉਸ ਵੇਲੇ ਤੋਂ ਹੀ ਇਸ ਫੈਕਟਰੀ ਅੰਦਰ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰੋਜ਼ ਵਾਂਗ ਉਸ ਦਾ ਪਤੀ ਬਲਿਸਟਰ ਸਵੇਰੇ ਕੰਮ ’ਤੇ ਗਿਆ ਤੇ ਸ਼ਾਮ ਕਰੀਬ 5 ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਬਲਿਸਟਰ ਮਾਹਤੋ ਨੂੰ ਫੈਕਟਰੀ ’ਚ ਕੰਮ ਕਰਦੇ ਸਮੇਂ ਚੱਕਰ ਆ ਗਿਆ ਤੇ ਉਹ ਬੇਹੋਸ਼ ਹੋ ਕੇ ਫਰਸ਼ ’ਤੇ ਡਿੱਗ ਗਿਆ ਹੈ। ਫੈਕਟਰੀ ਪ੍ਰਬੰਧਕ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਊਸ਼ਾ ਦੇਵੀ ਨੇ ਦੋਸ਼ ਲਾਏ ਕਿ ਪਤੀ ਦੇ ਸਾਥੀ ਮਜ਼ਦੂਰਾਂ ਤੋਂ ਪਤਾ ਲੱਗਾ ਕਿ ਬਲਿਸਟਰ ਦੇ ਬੇਹੋਸ਼ ਹੋਣ ਤੋਂ ਬਾਅਦ ਉਹ ਕਰੀਬ ਤਿੰਨ ਘੰਟੇ ਫਰਸ਼ ਤੇ ਲਵਾਰਸਾਂ ਦੀ ਤਰ੍ਹਾਂ ਪਿਆ ਰਿਹਾ, ਪਰ ਫੈਕਟਰੀ ਪ੍ਰਬੰਧਕਾਂ ਨੇ ਸਮਾਂ ਰਹਿੰਦੇ ਉਸ ਦਾ ਇਲਾਜ ਨਹੀਂ ਕਰਵਾਇਆ। ਤਿੰਨ ਘੰਟੇ ਤੱਕ ਇਲਾਜ ਨਾ ਮਿਲਣ ਕਾਰਨ ਉਸ ਦਾ ਪਤੀ ਮੌਤ ਦੇ ਮੂੰਹ ਚਲਾ ਗਿਆ। ਉਕਤ ਘਟਨਾ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਜਾਣਕਾਰਾਂ ਨੇ ਫੈਕਟਰੀ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਰੋਸ ਪ੍ਰਗਟ ਕੀਤਾ। ਬਹਿਰਹਾਲ ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਪਰਚਾ ਦਰਜ ਕਰ ਕੇ ਇਸ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਦੀ ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਵੀ ਕਾਫੀ ਚੀਜ਼ਾਂ ਸਾਫ ਹੋ ਜਾਣਗੀਆਂ।