ਤੇਜ਼ ਰਫਤਾਰ ਬੱਸ ਨੇ ਐਕਟਿਵਾ ਸਵਾਰ ਨੂੰ ਦਰੜਿਆ, ਮੌਤ
ਤੇਜ਼ ਰਫਤਾਰ ਬੱਸ ਨੇ ਐਕਟੀਵਾ ਸਵਾਰ ਨੌਜਵਾਨ ਦਰੜਿਆ
Publish Date: Tue, 24 Mar 2026 08:05 PM (IST)
Updated Date: Wed, 25 Mar 2026 04:11 AM (IST)

ਬੱਸ ਮੌਕੇ ’ਤੇ ਛੱਡ ਕੇ ਡਰਾਈਵਰ ਹੋਇਆ ਫਰਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਚੰਡੀਗੜ੍ਹ ਰੋਡ ਦੇ ਨਜ਼ਦੀਕ ਇੱਕ ਤੇਜ਼ ਰਫਤਾਰ ਬੱਸ ਨੇ ਐਕਟਿਵਾ ’ਤੇ ਜਾ ਰਹੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਦਰੜ ਦਿੱਤਾ। ਹਾਦਸੇ ’ਚ ਐਕਟਿਵਾ ਸਵਾਰ ਨੌਜਵਾਨ ਨਮਿਤ ਉਰਫ ਗੋਲੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਕਤ ਦੁਰਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਮ੍ਰਿਤਕ ਦੇ ਮਾਮੇ ਸ਼ਿਵਪੁਰੀ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਬਿਆਨ ਉੱਪਰ ਬੱਸ ਦੇ ਚਾਲਕ ਫਰੀਦਕੋਟ ਵਾਸੀ ਬਲਜੀਤ ਸਿੰਘ ਦੇ ਖਿਲਾਫ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਪਵਨ ਕੁਮਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਦੁਰਘਟਨਾ ਵਾਲੇ ਦਿਨ ਉਹ ਆਪਣੇ ਭਾਣਜੇ ਨਮਿਤ ਉਰਫ ਗੋਲੂ ਨੂੰ ਆਪਣੇ ਐਕਟਿਵਾ ’ਤੇ ਨੀਚੀ ਮੰਗਲੀ ਛੱਡਣ ਲਈ ਆ ਰਿਹਾ ਸੀ। ਇਸ ਦੌਰਾਨ ਜਦ ਉਹ ਫੋਰਟਿਸ ਹਸਪਤਾਲ ਕੋਲ ਪੁੱਜੇ ਤਾਂ ਮੁਦੱਈ ਐਕਟਿਵਾ ਤੋਂ ਉਤਰ ਕੇ ਪੈਦਲ ਹੀ ਰੋਡ ਕ੍ਰਾਸ ਕਰਨ ਲੱਗ ਗਿਆ ਤੇ ਉਸ ਦਾ ਭਾਣਜਾ ਉਸ ਦੇ ਪਿੱਛੇ-ਪਿੱਛੇ ਐਕਟਿਵਾ ’ਤੇ ਰੋਡ ਕਰਾਸ ਕਰਨ ਲੱਗਾ। ਇਸ ਦੌਰਾਨ ਕੁਹਾੜਾ ਵੱਲੋਂ ਆ ਰਹੀ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਸ ਦੇ ਭਾਣਜੇ ਨੂੰ ਟੱਕਰ ਮਾਰ ਦਿੱਤੀ। ਬੱਸ ਦੀ ਲਪੇਟ ’ਚ ਆਉਣ ਕਾਰਨ ਨਮਿਤ ਗੰਭੀਰ ਰੂਪ ਨਾਲ ਫੱਟੜ ਹੋ ਗਿਆ ਤੇ ਬੱਸ ਦਾ ਚਾਲਕ ਬੱਸ ਨੂੰ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਫੱਟੜ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਵਰਨ ਸਿੰਘ ਮੁਤਾਬਕ ਮੁਲਜ਼ਮ ਚਾਲਕ ਵੱਲੋਂ ਮੌਕੇ ’ਤੇ ਛੱਡੀ ਬੱਸ ਕਬਜ਼ੇ ’ਚ ਲੈ ਕੇ ਬਲਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।