ਪੀਏਯੂ ਨੂੰ ਯਕਮੁਸ਼ਤ 1000 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਤੇ ਹਰ ਸਾਲ 50 ਤੋਂ 60 ਕਰੋੜ ਰੁਪਏ ਦੀ ਨਿਯਮਤ ਗ੍ਰਾਂਟ ਦਿੱਤੀ ਜਾਵੇ : ਵੜਿੰਗ
1000 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਤੇ ਹਰ ਸਾਲ 50 ਤੋਂ 60 ਕਰੋੜ ਰੁਪਏ ਦੀ ਨਿਯਮਤ ਗਰਾਂਟ ਦਿੱਤੀ ਜਾਵੇ-ਵੜਿੰਗ
Publish Date: Mon, 01 Jun 2026 07:06 PM (IST)
Updated Date: Mon, 01 Jun 2026 07:08 PM (IST)

-ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪੀਏਯੂ ਦੌਰੇ ਦੌਰਾਨ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਦਿੱਤਾ ਮੰਗ-ਪੱਤਰ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਮੇਟੀ ਦੇ ਹੋਰਨਾਂ ਮੈਂਬਰਾਂ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਗਤ ਕੀਤਾ। ਵੜਿੰਗ ਨੇ ਚੰਨੀ ਨੂੰ ਇੱਕ ਮੰਗ-ਪੱਤਰ ਸੌਂਪਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਖੋਜ ਕਾਰਜਾਂ ਵਾਸਤੇ ਯਕਮੁਸ਼ਤ 1000 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੇ ਇਸ ਤੋਂ ਇਲਾਵਾ ਹਰ ਸਾਲ 50 ਤੋਂ 60 ਕਰੋੜ ਰੁਪਏ ਦੀ ਰੈਗੂਲਰ ਗ੍ਰਾਂਟ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੀਏਯੂ ਨੂੰ ਲੰਮੇ ਸਮੇਂ ਤੋਂ ਲੁੜੀਂਦੇ ਫੰਡ ਨਹੀਂ ਮਿਲ ਰਹੇ ਤੇ ਕਈ ਵਾਰ ਕਰਮਚਾਰੀਆਂ ਤੇ ਵਿਗਿਆਨੀਆਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਿਆਂ ਦੀ ਕਮੀ ਹੋ ਜਾਂਦੀ ਹੈ। ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ’ਚ ਪੀਏਯੂ ਦੀ ਅਹਿਮ ਭੂਮਿਕਾ ਰਹੀ ਹੈ ਕਿਉਂਕਿ ਹਰੀ ਕ੍ਰਾਂਤੀ ਦੀ ਸ਼ੁਰੂਆਤ ਇਸੇ ਯੂਨੀਵਰਸਿਟੀ ਤੋਂ ਹੋਈ ਸੀ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਜੱਸੀ ਖੰਗੂੜਾ, ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਪਵਨ ਦੀਵਾਨ, ਸੰਜੇ ਤਲਵਾੜ, ਜਗਸੀਰ ਸਿੰਘ, ਹੈਪੀ ਲਾਲੀ, ਲੱਕੀ ਸੰਧੂ, ਸਾਹਿਲ ਕਪੂਰ ਪੱਪਲ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ। ਕੌਂਸਲ ਚੋਣਾਂ ਜਿੱਤਣ ਵਾਲੀ ਪਾਰਟੀ ਨੇ ਵਿਧਾਨ ਸਭਾ ਚੋਣ ਨਹੀਂ ਜਿੱਤੀ ਵੜਿੰਗ ਨੇ ਕਿਹਾ ਕਿ ਉਹ ਖੁਦ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਸਾਰੇ ਆਗੂ ਇਕੱਠੇ ਹਨ ਤੇ 2027 ’ਚ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣਗੇ। ਉਨ੍ਹਾਂ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਸਬੰਧੀ ਦਾਅਵਿਆਂ ਬਾਰੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਹਮੇਸ਼ਾ ਸੱਤਾਧਾਰੀ ਪਾਰਟੀ ਇਹ ਚੋਣਾਂ ਜਿੱਤਦੀ ਰਹੀ ਹੈ ਪਰ ਬਾਅਦ ’ਚ ਵਿਧਾਨ ਸਭਾ ਚੋਣਾਂ ਹਾਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਸਰਕਾਰ ਦਾ ਪ੍ਰਦਰਸ਼ਨ ਕਾਫ਼ੀ ਕਮਜ਼ੋਰ ਰਿਹਾ ਹੈ ਤੇ ਵਿਰੋਧੀ ਧਿਰ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਰਿਹਾ। ਕਾਨੂੰਨ-ਵਿਵਸਥਾ, ਨਸ਼ਿਆਂ, ਰੁਜ਼ਗਾਰ ਤੇ ਵਿੱਤੀ ਪ੍ਰਬੰਧਨ ਦੇ ਮਾਮਲੇ ’ਚ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਸੂਬੇ ਨੂੰ ਕਰਜ਼ੇ ਹੇਠ ਦਬਾ ਦਿੱਤਾ ਹੈ। ਬੇਕਸੂਰ ਲੋਕਾਂ ਦੇ ਕਤਲ ਹੁਣ ਆਮ ਗੱਲ ਬਣ ਗਏ ਹਨ। ਹਾਲਾਤ ਇੰਨੇ ਮਾੜੇ ਹਨ ਕਿ ਸਰਕਾਰ ਭ੍ਰਿਸ਼ਟਾਚਾਰ ਵਿੱਚ ਗਲ ਤੱਕ ਡੁੱਬੀ ਹੋਈ ਹੈ ਅਤੇ ਹਰ ਪੰਜਾਬੀ ਇਸਦਾ ਖਮਿਆਜ਼ਾ ਭੁਗਤ ਰਹੇ ਹਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਦਬੁੱਧੀ ਆਖਿਆ ਵੜਿੰਗ ਨੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਪੁਲਿਸ ਨਾਲ ਹੋਈ ਝੜਪ ਤੇ ਬਾਅਦ ’ਚ ਮੰਗੀ ਮੁਆਫ਼ੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਨੂੰ ‘ਮੰਦਬੁੱਧੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨਾਲ ਉਲਝਣ ਦੀ ਬਜਾਏ ਬਿੱਟੂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਦੋ ਸਾਲ ਮੰਤਰੀ ਰਹਿ ਕੇ ਉਨ੍ਹਾਂ ਨੇ ਸੂਬੇ ਲਈ ਕੀ ਕੀਤਾ। ਸਵਾਲ ਕੀਤਾ ਕਿ ਕੀ ਉਨ੍ਹਾਂ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਦਿੱਤਾ ਹੈ ਜਾਂ ਫਿਰ ਪੰਜਾਬ ਵਿੱਚ ਕੋਈ ਨਵੀਂ ਰੇਲ ਲਾਈਨ ਵਿਛਾਈ ਹੈ। ਕੈਪਟਨ ਅਮਰਿੰਦਰ ਸਿੰਘ ਭਾਜਪਾ ’ਚ ਘੁਟਣ ਮਹਿਮਸੂਸ ਕਰ ਰਹੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਬਾਰੇ ਕਿ ਕਾਂਗਰਸ ਭਾਜਪਾ ਤੋਂ ਵੱਖਰੀ ਹੈ ਕਿਉਂਕਿ ਉਹ ਹਰ ਕਿਸੇ ਨੂੰ ਭਰੋਸੇ ਵਿੱਚ ਲੈਂਦੀ ਹੈ, ਵੜਿੰਗ ਨੇ ਕਿਹਾ ਕਿ ਫਿਰ ਇਨ੍ਹਾਂ ਨੂੰ ਪਾਰਟੀ ਛੱਡਣ ਦੀ ਲੋੜ ਕਿਉਂ ਪਈ ਸੀ। ਉਨ੍ਹਾਂ ਕਿਹਾ ਕਿ ਹੁਣ ਸ਼ਾਇਦ ਇਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਕਾਂਗਰਸ ਕਿੰਨੀ ਖੁੱਲ੍ਹੀ ਸੋਚ ਵਾਲੀ ਪਾਰਟੀ ਹੈ ਅਤੇ ਭਾਜਪਾ ਵਿੱਚ ਕਿੰਨਾ ਘੁਟਣ ਵਾਲਾ ਮਾਹੌਲ ਹੈ। ਊਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਨੇ ਭਾਜਪਾ ਦੇ ਫ਼ੈਸਲਿਆਂ ’ਤੇ ਉਂਗਲ ਚੁੱਕੀ ਹੈ। ਈਦ ਦੀ ਨਮਾਜ਼ ’ਚ ਗ਼ੈਰ-ਹਾਜ਼ਰੀ ਨੂੰ ਸਿਆਸੀ ਰੰਗ ਨਾ ਦਿਓ ਐੱਮਪੀ ਵੜਿੰਗ ਨੇ ਕਿਹਾ ਕਿ ਲੁਧਿਆਣਾ ਦੇ ਸ਼ਾਹੀ ਇਮਾਮ ਵੱਲੋਂ ਈਦ ਦੀ ਨਮਾਜ਼ ’ਚ ਉਨ੍ਹਾਂ ਦੀ ਗੈਰ-ਹਾਜ਼ਰੀ ਤੇ ਸਵਾਲ ਚੁੱਕਣੇ ਸਹੀ ਗੱਲ ਨਹੀਂ ਹੈ। ਵੜਿੰਗ ਨੇ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੀਦਾ। ਉਹ ਰੈਗੂਲਰ ਤੌਰ ਤੇ ਮਸਜਿਦ ਅਤੇ ਇਮਾਮ ਸਾਹਿਬ ਨੂੰ ਮਿਲਦੇ ਰਹਿੰਦੇ ਹਨ, ਪਰ ਈਦ ਵਾਲੇ ਦਿਨ ਉਹ ਹੋਰ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ। ਵੜਿੰਗ ਨੇ ਕਿਹਾ ਕਿ ਧਰਮ ਦੇ ਨਾਂ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਉਹ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਨ।