ਯੁੱਧ ਨਸ਼ਿਆਂ ਵਿਰੁੱਧ ਤਹਿਤ ਵਿਧਾਇਕਾ ਛੀਨਾ ਦੀ ਪ੍ਰਧਾਨਗੀ ’ਚ ਮੀਟਿੰਗ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਧਾਇਕ ਛੀਨਾ ਦੀ ਪ੍ਰਧਾਨਗੀ 'ਚ ਮੀਟਿੰਗ ਹੋਈ
Publish Date: Tue, 13 Jan 2026 07:50 PM (IST)
Updated Date: Wed, 14 Jan 2026 04:13 AM (IST)

ਨਸ਼ੇ ਦੇ ਖਾਤਮੇ ਲਈ ਇੱਕ-ਜੁੱਟ ਹੋਣ ਦੀ ਸਹੁੰ ਵੀ ਚੁਕਾਈ ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਬੰਧੀ ਹਲਕਾ ਦੱਖਣੀ ਤੋਂ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਲੁਹਾਰਾ-ਈਸਟ ਮੈਨ ਰੋਡ ਸਥਿਤ ਸਥਾਨਕ ਪੈਲੇਸ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਏਸੀਪੀ ਸਤਿੰਦਰ ਵਿਰਕ, ਐੱਸਐੱਚਓ ਕੁਲਵੰਤ ਕੌਰ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਕੌਂਸਲਰ ਪ੍ਰਭਪ੍ਰੀਤ ਕੌਰ, ਕੌਂਸਲਰ ਸਰੋਜ ਮੰਨਣ, ਹਲਕਾ ਸੰਗਠਨ ਇੰਚਾਰਜ ਪਰਮਿੰਦਰ ਗਿੱਲ, ਟਰੇਡ ਵਿੰਗ, ਮਹਿਲਾ ਵਿੰਗ, ਬਲਾਕ ਇੰਚਾਰਜ, ਵਾਰਡ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਤੋਂ ਭਰੋਸਾ ਲੈਂਦਿਆ ਵਿਧਾਇਕ ਛੀਨਾ ਵੱਲੋਂ ਸਾਰੇ ਹੀ ਅਧਿਕਾਰੀਆਂ, ਅਹੁਦੇਦਾਰਾਂ ਨੂੰ ਨਸ਼ੇ ਦੇ ਖਾਤਮੇ ਲਈ ਇੱਕਜੁੱਟ ਹੋਣ ਦੀ ਸਹੁੰ ਚੁਕਾਈ ਗਈ। ਵਿਧਾਇਕਾ ਛੀਨਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਸ ਲਹਿਰ ਨੂੰ ਘਰ-ਘਰ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵੋਟਾਂ ਮੰਗਣ ਡੋਰ ਟੂ ਡੋਰ ਜਾ ਸਕਦੇ ਹਾਂ ਤਾਂ ਸਾਨੂੰ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਨਸ਼ੇ ਦੀ ਜੜ੍ਹ ਨੂੰ ਧੁਰ ਤੋਂ ਪੁੱਟਣ ਲਈ ਘਰ-ਘਰ ਜਾ ਕੇ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਕੋਈ ਵਿਅਕਤੀ ਨਸ਼ਾ ਤਾਂ ਨਹੀਂ ਕਰਦਾ, ਜੇਕਰ ਕਿਸੇ ਦਾ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਮੇਰੇ ਕੋਲ ਲਿਆਂਦਾ ਜਾਵੇ, ਮੈਂ ਉਸ ਬੱਚੇ ਦੀ ਦਵਾਈ ਤੇ ਖੁਰਾਕ ਦਾ ਆਪਣੀ ਜੇਬ ’ਚੋਂ ਪ੍ਰਬੰਧ ਕਰ ਕੇ ਉਸ ਨੂੰ ਇਸ ਕੋਹੜ ’ਚੋਂ ਕੱਢਣ ’ਚ ਉਸ ਦੀ ਮਦਦ ਕਰਾਂਗੀ। ਉਨ੍ਹਾਂ ਕਿਹਾ ਕਿ ਹਰ ਇਲਾਕਾ ਨਿਵਾਸੀ ਤੱਕ ਪਹੁੰਚ ਬਣਾ ਕੇ ਨਸ਼ਿਆਂ ਦੇ ਸੌਦਾਗਰਾਂ ਦਾ ਵੇਰਵਾ ਇਕੱਤਰ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਸ਼ਾ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ, ਪੰਜਾਬ ਸਰਕਾਰ ਪੰਜਾਬੀਆਂ ਦੇ ਨਾਲ ਖੜ੍ਹੀ ਹੈ। ਵਿਧਾਇਕ ਛੀਨਾ ਨੇ ਲੋਕਾਂ ’ਚ ਜੋਸ਼ ਭਰਦੇ ਹੋਏ ਕਿਹਾ ਕਿ ਸਾਨੂੰ ਇਸ ਚੀਜ਼ ਦਾ ਹੌਸਲਾ ਹੋਣਾ ਚਾਹੀਦਾ ਹੈ ਕਿ ਸਾਡੇ ਜਾਂਬਾਜ਼ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨਸ਼ੇ ਦੇ ਸੌਦਾਗਰਾਂ ਖਿਲਾਫ਼ ਜੰਗ ਲੜ ਰਹੀ ਹੈ ਤੇ ਸਾਨੂੰ ਵੀ ਪੂਰਨ ਸ਼ਿੱਦਤ ਨਾਲ ਉਨਾਂ ਦਾ ਸਾਥ ਨਿਭਾਉਣਾ ਚਾਹੀਦਾ ਹੈ। ਛੀਨਾ ਨੇ ਅੱਗੇ ਕਿਹਾ ਕਿ ਪੁਲਿਸ ਤੇ ਸਰਕਾਰ ਇਨ੍ਹਾਂ ਵੱਡੇ ਮਗਰਮੱਛਾਂ ਨੂੰ ਫੜ ਕੇ ਅੰਦਰ ਕਰ ਸਕਦੀ ਹੈ ਤੇ ਵੱਡੀਆਂ ਖੇਪਾਂ ਪੰਜਾਬ ’ਚ ਲੈ ਕੇ ਆਉਣ ਵਾਲੇ ਇਨ੍ਹਾਂ ਸੌਦਾਗਰਾਂ ਨੂੰ ਨੱਥ ਪਾ ਸਕਦੀ ਹੈ ਪਰ ਜੋ ਕੋਹੜ ਇਨ੍ਹਾਂ ਨੇ ਪੰਜਾਬ ਦੇ ਘਰਾਂ ’ਚ ਬੀਜ ਦਿੱਤਾ ਹੈ। ਉਸ ਦੀ ਜੜ੍ਹ ਪੁੱਟਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਾਥੀ ਭਰਾ ਰਸਤਾ ਭਟਕ ਕੇ ਗਲਤ ਰਾਹ ਪੈ ਗਏ ਹਨ, ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਨੂੰ ਸਿੱਧੇ ਰਾਹ ’ਤੇ ਲਿਆਉਣ ’ਚ ਉਨ੍ਹਾਂ ਦੀ ਮਦਦ ਕਰੀਏ, ਕਿਉਂਕਿ ਕਿਸੇ ਮਾਂ ਦੀ ਗੋਦ ਉੱਜੜਨ ਤੋਂ ਬਚਾਉਣਾ ਦੁਨੀਆ ਦਾ ਸਭ ਤੋਂ ਵੱਡਾ ਕਰਮ ਹੈ। ਮੀਟਿੰਗ ਦੇ ਅੰਤ ’ਚ ਉਨ੍ਹਾਂ ਹਾਜ਼ਰੀਨ ਤੋਂ ਪ੍ਰਣ ਲਿਆ ਕੇ ਅੱਜ ਤੋਂ ਬਾਅਦ ਅਸੀਂ ਇਹ ਨਿਸ਼ਚਿਤ ਕਰੀਏ ਕਿ ਸਾਡੇ ਹਲਕਾ ਦੱਖਣੀ ’ਚ ਇਸ ਨਾ ਮੁਰਾਦ ਨਸ਼ੇ ਦੀ ਬਦੌਲਤ ਕਿਸੇ ਮਾਂ ਦੀ ਕੁੱਖ ਨਹੀਂ ਉੱਜੜੇਗੀ ਤੇ ਕਿਸੇ ਭੈਣ ਦੇ ਸਿਰ ’ਤੇ ਚਿੱਟੀ ਚੁੰਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਸੂਬੇ ਨੂੰ ਨਸ਼ਾ ਮੁਕਤ ਐਲਾਨਣਗੇ ਤਾਂ ਉਨ੍ਹਾਂ ਦੇ ਬੋਲਾਂ ’ਚ ਸਭ ਤੋਂ ਪਹਿਲਾਂ ਨਸ਼ਾ ਮੁਕਤ ਹੋਣ ਵਾਲਾ ਹਲਕਾ ਦੱਖਣੀ ਹੋਣਾ ਚਾਹੀਦਾ ਹੈ। ਇਸ ਮੌਕੇ ਹਰਵਿੰਦਰ ਕੌਰ, ਹਰਦੇਵ ਗੋਲਡੀ, ਸ਼ਿਵਦਰਸ਼ਨ ਸਿੰਘ, ਮੁਨੀਸ਼ ਕੁਮਾਰ ਟਿੱਕੂ, ਰੇਸ਼ਮ ਕੁਮਾਰ, ਸੁਖਦੇਵ ਸਿੰਘ, ਜੋਗਾ ਸਿੰਘ ਸੰਧੂ, ਇੰਦਰਜੀਤ ਸਿੰਘ ਸਿੱਧੂ, ਇੰਦਰਜੀਤ ਵਰਮਾ, ਮਹਿਤਾਬ ਸਿੰਘ ਬੰਟੀ, ਸਰਬਜੀਤ ਸਿੰਘ ਸਰਾਭਾ, ਬਲਵੀਰ ਸਿੰਘ ਭੋਲਾ ਨੇ ਹੱਥ ਖੜ੍ਹੇ ਕਰ ਕੇ ਵਿਧਾਇਕਾ ਛੀਨਾ ਦਾ ਸਮਰਥਨ ਕੀਤਾ।