ਫਲਾਈਓਵਰ ਦੇ ਇਕ ਪਾਸੇ ਦੀ ਮਿੱਟੀ ਖਿਸਕਣ ਨਾਲ ਪੈ ਰਿਹਾ ਪਾੜ
ਸਾਹਨੇਵਾਲ ਜੀਟੀ ਰੋਡ 'ਤੇ ਬਣੇ ਫਲਾਈਓਵਰ ਦੇ ਇਕ ਪਾਸੇ ਦੀ ਮਿੱਟੀ ਖਿਸਕਣ ਨਾਲ ਪੈ ਰਿਹਾ ਪਾੜ
Publish Date: Tue, 17 Mar 2026 08:42 PM (IST)
Updated Date: Wed, 18 Mar 2026 04:14 AM (IST)
ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਸਾਹਨੇਵਾਲ ਜੀਟੀ ਰੋਡ 'ਤੇ ਬਣੇ ਫਲਾਈਓਵਰ ਦੇ ਇਕ ਪਾਸੇ ਮਿੱਟੀ ਖਿਸਕਣ ਨਾਲ ਸਾਈਡ ਤੇ ਪਾੜ ਪੈਣਾ ਸ਼ੁਰੂ ਹੋ ਗਿਆ ਹੈ। ਸਾਹਨੇਵਾਲ ਦੇ ਲੋਕਾਂ ਦੇ ਦੱਸਣ ਅਨੁਸਾਰ ਦੋ ਦਿਨ ਪਹਿਲਾ ਪਈ ਬਾਰਿਸ਼ ਕਾਰਨ ਕੌਮੀ ਸ਼ਾਹ ਮਾਰਗ ਤੇ ਬਣੇ ਫਲਾਈਓਵਰ ਦੀ ਇਕ ਸਾਈਡ ਦੀ ਮਿੱਟੀ ਖਿਸਕਣ ਨਾਲ ਪੁਲ ਹੇਠ ਅਤੇ ਸਈਡ ਤੇ ਭਰੀ ਮਿੱਟੀ ਵਿੱਚ ਪਾੜ ਪੈ ਗਿਆ ਹੈ, ਜਿਸ ਬਾਰੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਜ ਇਸ ਨੂੰ ਸਮੇਂ ਸਿਰ ਠੀਕ ਨਾ ਕੀਤਾ ਗਿਆ ਤਾਂ ਇਸ ਨਾਲ ਪੁਲ ਨੂੰ ਨੁਕਸਾਨ ਹੋ ਸਕਦਾ ਹੈ। ਦੱਸਣਾ ਬਣਦਾ ਹੈ ਕਿ ਇਸ ਪੁਲ ਤੋਂ ਦਿਨ ਰਾਤ ਹਜ਼ਾਰਾਂ ਵਾਹਨ ਗੁਜਰਦੇ ਹਨ ਤੇ ਇਸ ਦੀ ਸਾਇਡ ਮਿੱਟੀ ਖਿਸਕਣ ਕਾਰਨ ਪਏ ਪਾੜ ਦੇ ਚੱਲਦੇ ਇਹ ਅਣਗਿਹਲੀ ਆਉਣ ਜਾਣ ਵਾਲੇ ਵਾਹਨਾਂ ਲਈ ਖਤਰਾ ਬਣੀ ਦਿਖਾਈ ਦੇ ਰਹੀ ਹੈ। ਪੁਲ ਦੇ ਬਣੇ ਹਲਾਤਾਂ ਨੂੰ ਦੇਖਦੇ ਹੋਏ ਸਾਹਨੇਵਾਲ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਉਚ ਅਧਿਕਾਰੀਆਂ ਤੋਂ ਇਸ ਪੁਲ ਦੀ ਸਾਈਡ ਦੀ ਤੁਰੰਤ ਮੁਰੰਮਤ ਦੀ ਮੰਗ ਕੀਤੀ ਹੈ।
ਫਲਾਈਓਵਰ ਤੇ ਪਏ ਪਾੜ ਨੂੰ ਜਲਦ ਕਰਵਾਇਆ ਜਾਵੇ ਠੀਕ : ਵਿਜੇ ਪੁਰੀ
ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ ਨੇ ਕਿਹਾ ਕਿ ਇਸ ਫਲਾਈਓਵਰ ’ਚ ਪਏ ਵੱਡੇ ਪਾੜ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਉਚ ਅਧਿਕਾਰੀਆ ਨੂੰ ਦੱਸ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ।
ਪਾੜ ਦੀ ਵਧੀਆ ਢੰਗ ਨਾਲ ਕਰਵਾਈ ਜਾਵੇ ਮੁਰੰਮਤ : ਕੌਂਸਲਰ ਕਾਲਾ
ਨਗਰ ਕੌਂਸਲ ਸਾਹਨੇਵਾਲ ਦੇ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ ਨੇ ਕਿਹਾ ਕਿ ਇਸ ਫਲਾਈਓਵਰ ਤੇ ਬਾਰ ਬਾਰ ਕਿਉਂ ਪਾੜ ਪੈ ਜਾਂਦਾ ਹੈ ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਜਾਂਚ ਦੌਰਾਨ ਜਿਸ ਦੀ ਵੀ ਗਲਤੀ ਹੋਵੇ ਉਸ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਇਸ ਫਲਾਈਓਵਰ ਤੇ ਜੋ ਪਾੜ ਪਿਆ ਹੈ ਉਸ ਨੂੰ ਜਲਦ ਠੀਕ ਕਰਵਾਇਆ ਜਾਵੇ, ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।