ਖਾਲਸਾਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਖਾਲਸਾਈ ਜਾਹੋ ਜਲਾਲ ਨਾਲ ਕਰਵਾਇਆ ਹੋਲਾ ਮਹੱਲਾ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ
Publish Date: Fri, 06 Mar 2026 08:42 PM (IST)
Updated Date: Fri, 06 Mar 2026 08:45 PM (IST)
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਨੂੰ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਨਾਉਂਦਿਆਂ ਹੋਇਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਅੰਦਰ ਗੁਰੂ ਘਰ ਦੇ ਕੀਰਤਨੀਏ ਸਮੇਤ ਭਾਈ ਓਂਕਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਪਹਿਲਾਂ ਗੁਰਮਤਿ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਬਚਿੱਤਰ ਸਿੰਘ ਨੇ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਹੋਲਾ ਮਹੱਲਾ ਸਿੱਖਾਂ ਦਾ ਇੱਕ ਅਹਿਮ ਦਿਹਾੜਾ ਹੈ। ਜਿਸ ਦੀ ਆਰੰਭਤਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ। ਉਨ੍ਹਾਂ ਨੇ ਹੋਲਾ ਮਹੱਲਾ ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਆਰੰਭ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਕੀਤਾ ਤਾਂ ਕਿ ਖੁਦ ਮੁਖਤਿਆਰ ਖ਼ਾਲਸਾ ਆਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਦਿਨ-ਤਿਉਹਾਰ ਵਿੱਲਖਣ ਤੇ ਨਿਰਾਲੇ ਰੂਪ ਵਿੱਚ ਮਨਾ ਸਕੇ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ ਨੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕੀਰਤਨੀ ਜੱਥਿਆਂ ਦੇ ਮੈਂਬਰਾਂ ਨੂੰ ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਸਮੇਂ ਉਨ੍ਹਾਂ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮਹਿੰਦਰ ਸਿੰਘ ਡੰਗ, ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਬਲਬੀਰ ਸਿੰਘ ਭਾਟੀਆ, ਹਰਪਾਲ ਸਿੰਘ ਖਾਲਸਾ, ਗੁਰਦੀਪ ਸਿੰਘ ਡੀਮਾਰਟੇ, ਸੁਰਿੰਦਰਪਾਲ ਸਿੰਘ ਭੁਟਿਆਨੀ, ਹਰਮੀਤ ਸਿੰਘ ਡੰਗ, ਅਵਤਾਰ ਸਿੰਘ ਬੀਕੇ, ਪਰਮਜੀਤ ਸਿੰਘ ਸੇਠੀ, ਭੁਪਿੰਦਰ ਸਿੰਘ ਅਰੋੜਾ, ਮਨਮੋਹਨ ਸਿੰਘ, ਨਰਿੰਦਰਪਾਲ ਸਿੰਘ ਕਥੂਰੀਆ, ਅਵਤਾਰ ਸਿੰਘ ਸਿੰਘ ਮਿੱਡਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।