ਹੇਡੋਂ ’ਚ ‘ਵਰਕਰ ਮਿਲਣੀ’ ਮੌਕੇ ਭਾਜਪਾ ਵਰਕਰਾਂ ਦਾ ਆਇਆ ਸੈਲਾਬ
ਹੇਡੋਂ ਵਿਖੇ ਭਾਜਪਾ ਦੀ ‘ਵਰਕਰ ਮਿਲਣੀ’ ਮੌਕੇ ਭਾਜਪਾ ਵਰਕਰਾਂ ਦਾ ਆਇਆ ਸੈਲਾਬ
Publish Date: Mon, 20 Apr 2026 06:32 PM (IST)
Updated Date: Tue, 21 Apr 2026 04:04 AM (IST)

2027 ’ਚ ਸੱਤਾ ਹਾਸਲ ਕਰੇਗੀ ਭਾਜਪਾ : ਸੰਧੂ, ਗੇਜਾ ਰਾਮ ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਨਜਦੀਕੀ ਪਿੰਡ ਹੇਡੋਂ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਸਮਰਾਲਾ ਹਲਕੇ ਵਿੱਚ ਬਲਾਕ ਸੰਮਤੀ ਚੋਣਾਂ ਦੌਰਾਨ ਹਾਸਲ ਕੀਤੀਆਂ ਦੋ ਸੀਟਾਂ ਦੇ ਸਬੰਧ ਵਿੱਚ ‘ਵਰਕਰ ਮਿਲਣੀ’ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਤਨਾਮ ਸਿੰਘ ਸੰਧੂ (ਮੈਂਬਰ ਰਾਜ ਸਭਾ), ਗੇਜਾ ਰਾਮ ਵਾਲਮੀਕੀ ਕੌਮੀ ਪ੍ਰਧਾਨ ਸੈਂਟਰਲ ਵਾਲਮੀਕੀ ਸਭਾ ਪੁੱਜੇ। ਜਿਨ੍ਹਾਂ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਜੋ ਬਿੱਲ ਪਾਸ ਕੀਤਾ ਸੀ, ਉਸਨੂੰ ਕਾਨੂੰਨੀ ਦਰਜਾ ਦੇਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਨੇ ਆਪਣੇ ਦਸਤਖਤ ਕਰਕੇ, ਇਸ ਨੂੰ ਇਤਿਹਾਸਕ ਦਸਤਾਵੇਜ ਬਣਾ ਦਿੱਤਾ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਅੰਦਰ ਅੰਦਰ ਭਾਜਪਾ ਪ੍ਰਤੀ ਸਤਿਕਾਰ ਹੋਰ ਵੱਧ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਕੋਈ ਧਰਮ ਨਹੀਂ ਹੁੰਦਾ ਉਸਨੂੰ ਸਿਰਫ ਵਰਤਿਆ ਜਾਂਦਾ ਹੈ ਜੋ ਸਮਾਜ ਵਿੱਚ ਹਿੰਸਾ ਫੈਲਾਉਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਦੱਸਿਆ ਜਿਨ੍ਹਾਂ ਵਿੱਚ ਮਹਿਲਾਵਾਂ ਲਈ ਸਿਲੰਡਰ ਦੀ ਯੋਜਨਾ, ਸਾਫ ਸੁਥਰਾ ਪਾਣੀ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਬੇਟੀ ਯੋਜਨਾ ਆਦਿ ਤੋਂ ਇਲਾਵਾ ਅਨੇਕਾਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਮਰਾਲਾ ਹਲਕੇ ਬਾਰੇ ਗੱਲ ਕਰਦਿਆਂ ਕਿਹਾ ਕਿ ਸਮਰਾਲਾ ਨੂੰ ਅੱਜ ਤੱਕ ਕੋਈ ਵੀ ਵਧੀਆ ਵਿਧਾਇਕ ਨਹੀਂ ਮਿਲਿਆ, ਜੋ ਵੀ ਵਿਧਾਇਕ ਬਣਿਆ ਭਾਵੇਂ ਕਿਸੇ ਵੀ ਪਾਰਟੀ ਦਾ ਬਣਿਆ ਹੋਵੇ ਉਸਨੇ ਸਮਰਾਲਾ ਦੇ ਵਿਕਾਸ ਸਬੰਧੀ ਕੋਈ ਧਿਆਨ ਨਹੀਂ ਦਿੱਤਾ। ਹੇਡੋਂ ਕਮਿਊਨਿਟੀ ਸੈਂਟਰ ਲਈ ਸਰਵਾ ਟੀਮ ਭਜਵਾ ਕੇ ਇਸ ਦੇ ਸਾਰੇ ਖਰਚੇ ਨੂੰ ਅਖਤਿਆਰੀ ਫੰਡ ਵਿੱਚੋਂ ਕਰਨਗੇ। ਸਾਰੇ ਹੀ ਨਿਕੰਮੇ ਵਿਧਾਇਕ ਸਮਰਾਲਾ ਵਾਸੀਆਂ ਦੇ ਪੱਲੇ ਪਏ। ਇਸ ਮੌਕੇ ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਹਰੇਕ ਰਾਜਨੀਤਕ ਪਾਰਟੀ ਨੇ ਧੱਕਾ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਦੀਆਂ ਮਹਿਲਾਵਾਂ ਜਿਨ੍ਹਾਂ ਨੇ ਹਰ ਖੇਤਰ ਵਿੱਚ ਅੱਗੇ ਵੱਧ ਕੇ ਕੰਮ ਕੀਤਾ ਹੈ, ਪ੍ਰੰਤੂ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ। ਭਾਜਪਾ ਇੱਕ ਅਜਿਹੀ ਸਰਕਾਰ ਹੈ ਜਿਨ੍ਹਾਂ ਨੇ ਔਰਤਾਂ ਨੂੰ ਹਮੇਸ਼ਾਂ ਹੀ ਬਰਾਬਰੀ ਦਾ ਦਰਜਾ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਹਰ ਖੇਤਰ ਵਿੱਚ 33 ਪ੍ਰਤੀਸ਼ਤ ਦਾ ਰਾਖਵਾਂਕਰਨ ਕਰਨ ਬਾਰੇ ਭਾਜਪਾ ਨੇ ਆਪਣਾ ਪੂਰਾ ਤਾਣ ਲਾਇਆ ਹੈ ਅਤੇ ਭਵਿੱਖ ਵਿੱਚ ਔਰਤਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਭਾਜਪਾ ਜਰੂਰ ਦਿਵਾਏਗੀ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਸੰਭਾਲਣ ਵਿੱਚ ਅਸਮਰੱਥ ਰਹੇ ਹਨ, ਉਹ ਮੁੱਖ ਮੰਤਰੀ ਪੰਜਾਬ ਨੂੰ ਕੀ ਸੰਭਾਲੇਗਾ, ਜਿਸਦਾ ਮੁੱਖ ਕੰਮ ਹੀ ਸ਼ਰਾਬ ਪੀਣਾ ਹੋਵੇ, ੳਹ ਪੰਜਾਬ ਦੇ ਲੋਕਾਂ ਦਾ ਕੀ ਸੁਧਾਰ ਕਰੇਗਾ। ਇਸ ਤੋਂ ਇਲਾਵਾ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਣ ਮੌਕੇ 1000-1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਹੁਣ ਜਦੋਂ ਵੋਟਾਂ ਨਜਦੀਕ ਆ ਗਈਆਂ ਤਾਂ ਇਨ੍ਹਾਂ ਦਾ ਐਲਾਨ ਕਰ ਦਿੱਤਾ, ਜੋ ਕੇਵਲ ਚੋਣ ਸਟੰਟ ਹੈ, ਇਸ ਤੋਂ ਵੱਧ ਕੁਝ ਨਹੀਂ। ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਤੋਂ ਮਹਿਲਾਵਾਂ ਵੱਡੀ ਗਿਣਤੀਆਂ ਵਿੱਚ ਪੁੱਜੀਆਂ ਹੋਈਆਂ ਸਨ। ਅਖੀਰ ਵਿੱਚ ਨਿਸ਼ੂ ਸ਼ਰਮਾ ਚਹਿਲਾਂ ਨੇ ਆਈਆਂ ਸਖਸ਼ੀਅਤਾਂ ਅਤੇ ਇਲਾਕੇ ਤੋਂ ਪੁੱਜੀਆਂ ਮਹਿਲਾਵਾਂ ਅਤੇ ਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰਾਂ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਚਿੰਨ੍ਹਾਂ ਅਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਕਰਨਵੀਰ ਸਿੰਘ ਟੌਹੜਾ ਬੀ. ਜੇ. ਪੀ. ਆਗੂ, ਬਲਰਾਮ ਸ਼ਰਮਾ, ਮੋਹਣ ਰਾਣਾ, ਬਬਲੀ ਰਾਣਾ ਸੰਮਤੀ ਮੈਂਬਰ, ਜੀਵਨ ਰਾਣਾ ਸਾਬਕਾ ਸਰਪੰਚ, ਹਰਜੀਤ ਸਿੰਘ ਪਨੇਸਰ, ਤਰਲੋਚਨ ਸਿੰਘ ਹੇਡੋਂ, ਬਲਵਿੰਦਰ ਸਿੰਘ ਢੀਂਡਸਾ, ਸੰਦੀਪ ਮੌਂਟੀ ਢੀਂਡਸਾ, ਜਸਪ੍ਰੀਤ ਸਿੰਘ ਹਰਿਓਂ, ਪਾਲਾ ਹੇਡੋਂ ਡਿਪੂ ਵਾਲਾ, ਬਿਕਰਮਜੀਤ ਸਿੰਘ ਹਰਿਓ, ਸਿਕੰਦਰ ਸਿੰਘ ਟੋਡਰਪੁਰ, ਰਜਿਤ ਖੁੱਲਰ ਪ੍ਰਧਾਨ ਯੁਵਾ ਮੋਰਚਾ ਆਦਿ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ, ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ। ਮੰਚ ਸੰਚਾਲਕ ਦੀ ਭੂਮਿਕਾ ਸੰਦੀਪ ਭਾਰਤੀ ਜਨਰਲ ਸਕੱਤਰ ਬੀ. ਜੇ. ਪੀ. ਪੁਲਿਸ ਜ਼ਿਲਾ ਖੰਨਾ ਨੇ ਕੀਤੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਚੀਮਾ ਦੀ ਗੈਰਹਾਜਰੀ ਪ੍ਰੋਗਰਾਮ ਦੌਰਾਨ ਰੜਕਦੀ ਰਹੀ।