ਮਾਮੂਲੀ ਤਕਰਾਰ ਮਗਰੋਂ ਗੁਆਂਢੀਆਂ ਵੱਲੋਂ ਘਰ ’ਚ ਵੜ ਕੇ ਹਮਲਾ
ਮਾਮੂਲੀ ਤਕਰਾਰ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਬਣਿਆ ਖੂਨੀ ਟਕਰਾਅ, ਗੁਆਂਢੀਆਂ ਵੱਲੋਂ ਘਰ ਵਿੱਚ ਵੜ ਕੇ ਹਮਲਾ
Publish Date: Wed, 25 Feb 2026 07:24 PM (IST)
Updated Date: Wed, 25 Feb 2026 07:25 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪਿੰਡ ਨੰਦਪੁਰ ਵਿੱਚ ਬੱਚਿਆਂ ਦੀ ਮਾਮੂਲੀ ਤਕਰਾਰ ਨੇ ਦੇਖਦੇ ਹੀ ਦੇਖਦੇ ਖੂਨੀ ਰੂਪ ਧਾਰ ਲਿਆ। ਇਸ ਘਟਨਾ ਦੌਰਾਨ ਗੁਆਂਢੀਆਂ ਵਿਚਕਾਰ ਜ਼ਬਰਦਸਤ ਕੁੱਟਮਾਰ ਹੋਈ, ਜਿਸ ਵਿੱਚ ਇੱਕ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਹੋ ਗਏ। ਪੀੜਤ ਸੰਤੋਸ਼ ਨੇ ਦੱਸਿਆ ਕਿ ਉਸਦੇ ਬੱਚੇ ਗਲੀ ਵਿੱਚ ਖੇਡ ਰਹੇ ਸਨ। ਖੇਡਦੇ ਸਮੇਂ ਗੇਂਦ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਦੇ ਘਰ ਵਿੱਚ ਚਲੀ ਗਈ। ਇਸ ਗੱਲ ਨੂੰ ਲੈ ਕੇ ਔਰਤ ਨੇ ਬੱਚਿਆਂ ਅਤੇ ਉਸਦੀ ਪਤਨੀ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਸੰਤੋਸ਼ ਦੀ ਪਤਨੀ ਸਮਝਾਉਣ ਗਈ ਤਾਂ ਝਗੜਾ ਹੋਰ ਵਧ ਗਿਆ। ਕੁੱਝ ਸਮੇਂ ਬਾਅਦ ਔਰਤ ਹੋਰ ਲੋਕਾਂ ਨੂੰ ਨਾਲ ਲੈ ਕੇ ਆਈ ਅਤੇ ਪੀੜਤ ਦੇ ਘਰ ਵਿੱਚ ਵੜ ਕੇ ਡਾਂਗਾਂ -ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਹੋਏ। ਰੌਲਾ ਸੁਣ ਕੇ ਮੌਕੇ ’ਤੇ ਪਹੁੰਚੇ ਲੋਕਾਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਇਲਾਜ ਕਰਵਾਉਣ ਉਪਰੰਤ ਥਾਣਾ ਸਾਹਨੇਵਾਲ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਰਾਜਿੰਦਰ ਕੌਰ, ਗੁਰਪ੍ਰੀਤ ਸਿੰਘ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।