ਔਰਤ ਦੇ ਗਲ਼ੇ ’ਚੋਂ ਚੇਨ ਝਪਟ ਕੇ ਬਾਈਕ ਸਵਾਰ ਫ਼ਰਾਰ, ਕੇਸ ਦਰਜ
ਆਰਤੀ ਚੌਂਕ ’ਚ ਡਾਕਟਰ ਜੋੜੇ ਨੂੰ ਬਣਾਇਆ ਨਿਸ਼ਾਨਾ, ਸਕਿੰਟਾਂ ਵਿੱਚ ਸੋਨੇ ਦੀ ਚੇਨ ਲੈ ਉੱਡੇ ਬਾਈਕ ਸਵਾਰ ਲੁਟੇਰੇ
Publish Date: Wed, 22 Apr 2026 08:58 PM (IST)
Updated Date: Thu, 23 Apr 2026 04:10 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਆਰਤੀ ਚੌਕ ਇਲਾਕੇ ’ਚ ਬੇਖੌਫ ਬਾਈਕ ਸਵਾਰ ਝਪਟਮਾਰਾਂ ਨੇ ਇਕ ਡਾਕਟਰ ਜੋੜੇ ਨੂੰ ਨਿਸ਼ਾਨਾ ਬਣਾਉਂਦਿਆਂ ਖੁੱਲ੍ਹੇਆਮ ਸੋਨੇ ਦੀ ਚੇਨ ਝਪਟ ਲਈ ਤੇ ਕੁਝ ਹੀ ਪਲਾਂ ਵਿੱਚ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ, ਇਹ ਵਾਰਦਾਤ ਬੀਤੀ ਰਾਤ ਕਰੀਬ 8:30 ਵਜੇ ਵਾਪਰੀ। ਡਾ. ਸ਼ਾਮ ਸੁੰਦਰ ਆਪਣੀ ਪਤਨੀ ਨਾਲ ਆਰਤੀ ਚੌਂਕ ਸਥਿਤ ਮਹਾਰਾਜਾ ਹੋਟਲ ਵਿੱਚ ਖਾਣਾ ਖਾਣ ਪੁੱਜੇ। ਖਾਣਾ ਖਾ ਕੇ ਹੋਟਲ ਤੋਂ ਬਾਹਰ ਨਿਕਲੇ, ਜਿਵੇਂ ਹੀ ਉਹ ਕਾਰ ’ਚ ਬੈਠਣ ਲੱਗੇ ਤਾਂ ਲੁੱਟ ਦੀ ਘਟਨਾ ਵਾਪਰ ਗਈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਜੋੜਾ ਆਪਣੀ ਗੱਡੀ ਦੇ ਕੋਲ ਪਹੁੰਚੇ ਇਸੇ ਦੌਰਾਨ ਤੇਜ਼ ਰਫਤਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ। ਮੋਟਰਸਾਈਕਲ ਦੇ ਪਿਛਲੇ ਸੀਟ ’ਤੇ ਬੈਠੇ ਲੁਟੇਰੇ ਨੇ ਬਿਨਾਂ ਕਿਸੇ ਡਰ ਦੇ ਅਚਾਨਕ ਝਪਟਾ ਮਾਰਦਿਆਂ ਡਾਕਟਰ ਦੀ ਪਤਨੀ ਦੇ ਗਲ਼ੇ ’ਚ ਪਾਈ ਸੋਨੇ ਦੀ ਚੇਨ ਝਪਟ ਲਈ। ਇਹ ਸਾਰਾ ਕੁਝ ਇੰਨਾ ਤੇਜ਼ੀ ਨਾਲ ਵਾਪਰਿਆ ਕਿ ਪੀੜਤਾਂ ਨੂੰ ਸੰਭਲਣ ਦਾ ਵੀ ਮੌਕਾ ਨਾ ਮਿਲਿਆ। ਵਾਰਦਾਤ ਤੋਂ ਬਾਅਦ ਡਾਕਟਰ ਜੋੜੇ ਨੇ ਰੌਲਾ ਪਾਕੇ ਮਦਦ ਲਈ ਲੋਕਾਂ ਨੂੰ ਸੱਦਿਆ। ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਹੋਈ ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਥਾਣਾ-5 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਅਣਪਛਾਤੇ ਦੋਵੇਂ ਝਪਟਮਾਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਯਸ਼ਪਾਲ ਅਨੁਸਾਰ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਖਾਸ ਟੀਮਾਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣਾ ਚਿੰਤਾਜਨਕ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਜਦਕਿ ਪੁਲਿਸ ਨੂੰ ਵੀ ਅਜਿਹੀਆਂ ਘਟਨਾਵਾਂ ’ਤੇ ਰੋਕ ਲਗਾਉਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਹੈ।