ਬੁਟੀਕ ਤੋਂ ਮਹਿੰਗਾ ਮਾਲ ਚੋਰੀ ਕਰਨ ਆਇਆ ਚੋਰ ਅੜਿੱਕੇ
ਬੁਟੀਕ ਤੋਂ ਮਹਿੰਗਾ ਮਾਲ ਚੋਰੀ ਕਰਨ ਆਇਆ ਬਦਮਾਸ਼ ਮੌਕੇ ਤੇ ਦਬੋਚਿਆ
Publish Date: Fri, 27 Feb 2026 09:34 PM (IST)
Updated Date: Sat, 28 Feb 2026 04:08 AM (IST)

ਛੋਟੇ ਬੱਚਿਆਂ ਨੇ ਬਾਥਰੂਮ ਵਿੱਚ ਲੁਕੇ ਬਦਮਾਸ਼ ਨੂੰ ਵੇਖ ਕੇ ਫੜਵਾਇਆ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਬਰਾਊਨ ਰੋਡ ਸਥਿਤ ਇੱਕ ਬੁਟੀਕ ਵਿੱਚ ਚੋਰੀ ਦੀ ਵਾਰਦਾਤ ਕਰਨ ਆਏ ਮੁਲਜ਼ਮ ਨੂੰ ਬੁਟੀਕ ਮਾਲਕ ਅਤੇ ਮੁਲਾਜ਼ਮਾਂ ਨੇ ਰੰਗੇ ਹੱਥੀ ਦਬੋਚ ਲਿਆ। ਬਦਮਾਸ਼ ਦੇ ਕਬਜ਼ੇ ਵਿੱਚੋਂ 12 ਜਨਾਨਾ ਸੂਟ ਵੀ ਬਰਾਮਦ ਕਰ ਲਏ ਗਏ ਹਨ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਬੁਟੀਕ ਦੀ ਮਾਲਕਨ ਬਰਾਉਨ ਰੋਡ ਵਾਸੀ ਜੀਨੀਆ ਪਿੱਲੇ ਦੇ ਬਿਆਨ ਉੱਪਰ ਚੋਰੀ ਦੀ ਵਾਰਦਾਤ ਅੰਜਾਮ ਦੇਣ ਆਏ ਮੁਲਜ਼ਮ ਸ਼ਿਵਾਲਾ ਰੋਡ ਵਾਸੀ ਮੁਕਲ ਚਾਵਲਾ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜੀਨੀਆ ਪਿੱਲੇ ਮੁਤਾਬਕ ਉਹ ਬਰਾਉਨ ਰੋਡ ਸਥਿਤ ਆਪਣੇ ਘਰ ਵਿੱਚ ਹੀ ਬਰਾਈਡ ਸਟੂਡੀਓ ਨਾਮ ਤੇ ਜਨਾਨਾ ਸੂਟ ਵੇਚਣ ਦਾ ਕਾਰੋਬਾਰ ਕਰਦੀ ਹੈ। ਸ਼ਿਕਾਇਤ ਕਰਤਾ ਮੁਤਾਬਕ ਘਟਨਾ ਵਾਲੇ ਦਿਨ ਵੀ ਉਹ ਆਪਣੀ 8 ਸਾਲ ਦੀ ਬੇਟੀ ਅਤੇ ਪੰਜ ਸਾਲ ਦੇ ਬੇਟੇ ਸਮੇਤ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਉਸ ਦੇ ਬੱਚਿਆਂ ਨੇ ਘਰ ਦੇ ਬਾਥਰੂਮ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੂੰ ਲੁਕੇ ਹੋਏ ਵੇਖਿਆ। ਬੱਚਿਆਂ ਨੇ ਰੌਲਾ ਪਾ ਕੇ ਆਪਣੀ ਮਾਂ ਨੂੰ ਘਰ ਵਿੱਚ ਵੜੇ ਇਸ ਅਣਜਾਣ ਵਿਅਕਤੀ ਬਾਰੇ ਦੱਸਿਆ ਤਾਂ ਬੁਟੀਕ ਮਾਲਿਕ ਨੇ ਆਪਣੇ ਮੁਲਾਜ਼ਮਾਂ ਨਾਲ ਮਿਲ ਕੇ ਬਾਥਰੂਮ ’ਚ ਲੁਕੇ ਉਕਤ ਵਿਅਕਤੀ ਨੂੰ ਦਬੋਚ ਲਿਆ। ਕਾਬੂ ਕੀਤੇ ਗਏ ਵਿਅਕਤੀ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਉਨ੍ਹਾਂ ਆਪਣੇ ਘਰ ਦੇ ਨਾਲ ਸੁੰਨਸਾਨ ਜਗ੍ਹਾ ਤੋਂ ਮੁਲਜ਼ਮ ਵੱਲੋਂ ਚੋਰੀ ਕਰਕੇ ਸੁੱਟੇ ਜਨਾਨਾ ਸੂਟ ਬਰਾਮਦ ਕੀਤੇ। ਮੁਲਜ਼ਮ ਨੇ ਚੋਰੀ ਦੀ ਨੀਅਤ ਨਾਲ ਬਟੀਕ ਅੰਦਰ ਵੜ ਕੇ ਮਹਿੰਗੇ ਸੂਟ ਘਰ ਦੇ ਨਾਲ ਹੀ ਸੁੰਨਸਾਨ ਜਗ੍ਹਾ ਵੱਲ ਸੁੱਟ ਦਿੱਤੇ ਸਨ, ਜੋ ਉਹ ਮੌਕਾ ਲੱਗਣ ਤੇ ਚੱਕ ਕੇ ਆਪਣੇ ਨਾਲ ਲੈ ਜਾਂਦਾ। ਬਹਿਰਹਾਲ ਬੁਟੀਕ ਮਾਲਕ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ ਚੋਰੀਸ਼ੁਦਾ ਇੱਕ ਦਰਜਨ ਜਨਾਨਾ ਸੂਟ ਅਤੇ ਵਾਰਦਾਤ ਵਿੱਚ ਇਸਤੇਮਾਲ ਹੋਈ ਉਸ ਦੀ ਕਾਰ ਬਰਾਮਦ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।