70 ਲੱਖ ਰੁਪਏ ਦੀ ਅਦਾਇਗੀ ਨਾ ਕਰਨ ’ਤੇ ਕਾਂਗਰਸੀ ਕੌਂਸਲਰ ਨਾਮਜ਼ਦ
70 ਲੱਖ ਰੁਪਏ ਦੀ ਅਦਾਇਗੀ ਨਾ ਕਰਨ ਦੇ ਦੋਸ਼ ‘ਚ ਕਾਂਗਰਸੀ ਕੌਂਸਲਰ ਸੁਖਦੇਵ ਬਾਵਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
Publish Date: Fri, 06 Mar 2026 09:56 PM (IST)
Updated Date: Fri, 06 Mar 2026 10:00 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੱਖਾਂ ਰੁਪਏ ਦੀ ਰਕਮ ਅਦਾ ਨਾ ਕਰਨ ਦੇ ਦੋਸ਼ ਹੇਠ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਵਾਰਡ ਨੰਬਰ 4 ਦੇ ਕਾਂਗਰਸੀ ਕੌਂਸਲਰ ਸੁਖਦੇਵ ਬਾਵਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸ਼ਿਕਾਇਤਕਰਤਾ ਅਭਿਸ਼ੇਕ ਗੁਪਤਾ ਵਾਸੀ ਸੈਕਟਰ-39 ਚੰਡੀਗੜ੍ਹ ਰੋਡ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ 8 ਅਗਸਤ 2025 ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੁਖਦੇਵ ਬਾਵਾ ਕੌਂਸਲਰ ਹੋਣ ਦੇ ਨਾਲ-ਨਾਲ ਪ੍ਰਾਪਰਟੀ ਡੀਲਿੰਗ ਦਾ ਕਾਰੋਬਾਰ ਵੀ ਕਰਦਾ ਹੈ। ਸ਼ਿਕਾਇਤ ਕਰਤਾ ਮੁਤਾਬਿਕ 28 ਅਗਸਤ 2023 ਨੂੰ ਦੋਵਾਂ ਵਿਚਾਲੇ ਇੱਕ ਪ੍ਰਾਪਰਟੀ ਦੇ ਸੌਦੇ ਸਬੰਧੀ ਇਕਰਾਰਨਾਮਾ ਹੋਇਆ ਸੀ। ਇਸ ਸਮਝੌਤੇ ਅਨੁਸਾਰ 70 ਲੱਖ ਰੁਪਏ ਦੀ ਰਕਮ ਚਾਰ ਮਹੀਨਿਆਂ ਅੰਦਰ ਅਦਾ ਕੀਤੀ ਜਾਣੀ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇਹ ਰਕਮ ਸਾਊਥ ਸਿਟੀ ਸਥਿਤ ਆਬਾਦੀ ਝੰਮਟਾਂ ਵਿੱਚ ਇਕ ਪ੍ਰਾਪਰਟੀ ਵਿੱਚ 50 ਫ਼ੀਸਦੀ ਭਾਗੀਦਾਰੀ ਦੇ ਤੌਰ ’ਤੇ ਦੇਣੀ ਸੀ। ਦੋਸ਼ ਹੈ ਕਿ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮ ਨੇ ਰਕਮ ਅਦਾ ਨਹੀਂ ਕੀਤੀ ਅਤੇ ਲਗਾਤਾਰ ਟਾਲਮਟੋਲ ਕਰਦਾ ਰਿਹਾ, ਜਿਸ ਕਾਰਨ ਉਸ ਨਾਲ ਧੋਖਾਧੜੀ ਹੋਈ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸੁਖਦੇਵ ਬਾਵਾ ਵਾਸੀ ਮੇਨ ਕਾਕੋਵਾਲ, ਪਿੰਕ ਸਿਟੀ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿੱਚ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਹਾਲੇ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।