ਟੁੱਟੀ ਸੀਵਰ ਲਾਈਨ ਨੇ ਬੁੱਢਾ ਦਰਿਆ ’ਚ ਵਧਾਇਆ ਪ੍ਰਦੂਸ਼ਣ
90 ਇੰਚ ਦੀ ਟੁੱਟੀ ਸੀਵਰ ਲਾਈਨ ਨੇ ਬੁੱਢਾ ਦਰਿਆ ਵਿੱਚ ਵਧਾਇਆ ਪ੍ਰਦੂਸ਼ਨ
Publish Date: Mon, 09 Mar 2026 09:39 PM (IST)
Updated Date: Tue, 10 Mar 2026 04:10 AM (IST)

ਲੱਖਾਂ ਲੀਟਰ ਗੰਦਾ ਪਾਣੀ ਬੁੱਢਾ ਦਰਿਆ ’ਚ ਹੋ ਰਿਹਾ ਬਾਈਪਾਸ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ, ਪਰ ਇਸ ਸਾਫ ਕਰਨ ਲਈ ਜਿੰਮੇਵਾਰ ਵਿਭਾਗਾਂ ਵੱਲੋਂ ਇਸ ਵਿੱਚ ਲਗਾਤਾਰ ਅਣਗਿਹਲੀ ਵਰਤੀ ਜਾ ਰਹੀ ਹੈ ਜਿਸ ਕਾਰਨ ਬੁੱਢੇ ਦਰਿਆ ਦਾ ਪ੍ਰਦੂਸ਼ਨ ਨਿਯੰਤਰਣ ਵਿਚ ਨਹੀਂ ਆ ਰਿਹਾ। ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੀ ਅਜਿਹੀ ਹੀ ਇਕ ਗੰਭੀਰ ਲਾਪ੍ਰਵਾਹੀ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਦਰਿਆ ਦੀ ਸਫਾਈ ਮੁਹਿੰਮ ਦੌਰਾਨ ਗੰਦਾ ਪਾਣੀ ਬਾਈਪਾਸ ਹੁੰਦਾ ਨਜ਼ਰ ਆਇਆ। ਜਾਣਕਾਰੀ ਮੁਤਾਬਕ ਬੱਲੋਕੇ ਸਥਿਤ 105 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਇਨਲੈਟ ਨੂੰ ਜਾਂਦੀ ਨਗਰ ਨਿਗਮ ਦੀ 90 ਇੰਚ ਦੀ ਸੀਵਰ ਲਾਈਨ ਟੁੱਟੀ ਹੋਈ ਹੈ, ਜਿਸ ਕਾਰਨ ਰੋਜ਼ਾਨਾ ਲੱਖਾਂ ਲੀਟਰ ਅਣਸੋਧਿਆ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਬੁੱਢਾ ਦਰਿਆ ਵਿੱਚ ਬਾਈਪਾਸ ਹੋ ਰਿਹਾ ਹੈ। ਇਹ ਮਾਮਲਾ ਸੰਤ ਸੀਚੇਵਾਲ ਨਾਲ ਜੁੜੇ ਕਾਰ ਸੇਵਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਉਜਾਗਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਪਾਈਪ ਲਾਈਨ ਦੀ ਮੁਰੰਮਤ ਨਹੀਂ ਕਰਵਾਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਬੁੱਢਾ ਦਰਿਆ ਸਫਾਈ ਮੁਹਿੰਮ ਸਬੰਧੀ ਹੋਈਆਂ ਮੀਟਿੰਗਾਂ ਦੌਰਾਨ ਵੀ ਇਹ ਮਾਮਲਾ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਲਗਭਗ ਦੋ ਸਾਲਾਂ ਤੋਂ ਸੰਤ ਸੀਚੇਵਾਲ ਵੱਲੋਂ ਬੁੱਢਾ ਦਰਿਆ ਦੀ ਸਫਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਦਰਿਆ ਵਿੱਚੋਂ ਗਾਰ ਕੱਢਣ ਅਤੇ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਚੁੱਕੇ ਗਏ ਹਨ, ਜਿਸ ਦੇ ਨਤੀਜੇ ਵਜੋਂ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਵੀ ਦੇਖਣ ਨੂੰ ਮਿਲਿਆ ਹੈ। ਵਾਤਾਵਰਣ ਪ੍ਰੇਮੀਆਂ ਵੱਲੋਂ ਵੀ ਸੰਤ ਸੀਚੇਵਾਲ ਦੇ ਇਸ ਉਪਰਾਲੇ ਦੀ ਖੂਬ ਸਰਾਹਨਾ ਕੀਤੀ ਜਾ ਰਹੀ ਹੈ ਦੂਜੇ ਪਾਸੇ ਅਧਿਕਾਰੀਆਂ ਦੀ ਲਾਪ੍ਰਵਾਹੀ ਇਸ ਮੁਹਿੰਮ ਲਈ ਵੱਡਾ ਅੜਿੱਕਾ ਬਣ ਰਹੀ ਹੈ। ਟੁੱਟੀ ਹੋਈ ਸੀਵਰ ਲਾਈਨ ਕਾਰਨ ਬਿਨ੍ਹਾਂ ਟਰੀਟ ਕੀਤਾ ਸੀਵਰੇਜ ਦਾ ਗੰਦਾ ਪਾਣੀ ਬੁੱਢਾ ਦਰਿਆ ਵਿੱਚ ਪੈਣ ਨਾਲ ਪਾਣੀ ਦੀ ਗੁਣਵੱਤਾ ਖਰਾਬ ਹੋ ਰਹੀ ਹੈ। ਮਾਹਿਰਾਂ ਅਨੁਸਾਰ ਅਣਸੋਧਿਆ ਸੀਵਰੇਜ ਦੇ ਗੰਦੇ ਪਾਣੀ ਵਿੱਚ ਖਤਰਨਾਕ ਬੈਕਟੀਰੀਆ, ਰਸਾਇਣਕ ਪਦਾਰਥ ਅਤੇ ਭਾਰੀ ਧਾਤਾਂ ਹੁੰਦੀਆਂ ਹਨ, ਜੋ ਦਰਿਆ ਦੇ ਪਰਿਆਵਰਣ ਲਈ ਘਾਤਕ ਸਾਬਿਤ ਹੁੰਦੀਆਂ ਹਨ। ਇਸ ਨਾਲ ਨਾ ਸਿਰਫ ਜਲ ਜੀਵਨ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਦਰਿਆ ਦੇ ਪਾਣੀ ਨਾਲ ਜੁੜੇ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। ਇਲਾਕਾ ਨਿਵਾਸੀਆਂ ਤੇ ਵਾਤਾਵਰਣ ਪ੍ਰੇਮੀਆਂ ਨੇ ਮੰਗ ਕੀਤੀ ਹੈ ਕਿ ਟੁੱਟੀ ਹੋਈ ਸੀਵਰ ਲਾਈਨ ਦੀ ਤੁਰੰਤ ਮੁਰੰਮਤ ਕਰਵਾ ਕੇ ਬਿਨ੍ਹਾਂ ਟਰੀਟ ਕੀਤੇ ਸੀਵਰੇਜ ਦੇ ਪਾਣੀ ਨੂੰ ਦਰਿਆ ਵਿੱਚ ਜਾਣ ਤੋਂ ਤੁਰੰਤ ਰੋਕਿਆ ਜਾਵੇ।