ਹਵਾਲਾਤੀ ਕੋਲੋਂ ਪਾਬੰਦੀਸ਼ੁਦਾ ਪਦਾਰਥ ਬਰਾਮਦ, ਕੇਸ ਦਰਜ
ਕੇਂਦਰੀ ਜੇਲ੍ਹ ਚੋਂ ਹਵਾਲਾਤੀ ਕੋਲੋਂ 8 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਪੁਲਿਸ ਵੱਲੋਂ ਕੇਸ ਦਰਜ
Publish Date: Wed, 22 Apr 2026 08:01 PM (IST)
Updated Date: Thu, 23 Apr 2026 04:07 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ :
ਕੇਂਦਰੀ ਜੇਲ੍ਹ ’ਚ ਇਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰੁਟੀਨ ਜਾਂਚ ਦੌਰਾਨ ਇਕ ਹਵਾਲਾਤੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਵਿਚ ਹੰਗਾਮਾ ਮੱਚ ਗਿਆ। ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ-7 ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸਹਾਇਕ ਸੁਪਰਿੰਟੈਂਡੈਂਟ ਸੁਖਪਾਲ ਸਿੰਘ ਆਪਣੀ ਟੀਮ ਸਮੇਤ ਜੇਲ੍ਹ ਦੀਆਂ ਬੈਰਕਾਂ ਵਿੱਚ ਅਚਾਨਕ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਹਵਾਲਾਤੀ ਅਜੈ ਪਾਲ ਸਿੰਘ, ਜੋ ਕਿ ਗਲੀ ਨੰਬਰ 30, ਫਤਿਹ ਸਿੰਘ ਕਾਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਉੱਤੇ ਸ਼ੱਕ ਹੋਣ ‘ਤੇ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਲਗਭਗ 8 ਗ੍ਰਾਮ ਸਫ਼ੈਦ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਇਸ ਬਰਾਮਦਗੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਸਬੰਧੀ ਇਕ ਅਧਿਕਾਰਕ ਪੱਤਰ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਭੇਜਿਆ ਗਿਆ। ਇਸ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀ ਖ਼ਿਲਾਫ਼ ਜੇਲ੍ਹ ਨਿਯਮਾਂ ਦੀ ਉਲੰਘਣਾ ਅਤੇ ਐੱਨਡੀਪੀਐੱਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਖ਼ਾਸ ਤੌਰ ’ਤੇ ਧਾਰਾ 52-ਏ ਦੇ ਤਹਿਤ ਕਾਰਵਾਈ ਕੀਤੀ ਗਈ ਹੈ, ਜੋ ਜੇਲ੍ਹ ਅੰਦਰ ਮਨ੍ਹਾਂ ਕੀਤੀਆਂ ਵਸਤਾਂ ਰੱਖਣ ਨਾਲ ਸੰਬੰਧਿਤ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਨਸ਼ੀਲਾ ਪਦਾਰਥ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ। ਇਸ ਨਾਲ ਜੁੜੇ ਸੰਭਾਵਿਤ ਨੈੱਟਵਰਕ ਤੇ ਸਪਲਾਈ ਚੇਨ ਦੀ ਵੀ ਖੰਗਾਲ ਕੀਤੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਰੋਕ ਲਗਾਈ ਜਾ ਸਕੇ। ਇਹ ਘਟਨਾ ਇੱਕ ਵਾਰ ਫਿਰ ਜੇਲ੍ਹ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦੀ ਹੈ ਅਤੇ ਸੰਬੰਧਿਤ ਵਿਭਾਗਾਂ ਲਈ ਇੱਕ ਚੇਤਾਵਨੀ ਵਜੋਂ ਵੀ ਵੇਖੀ ਜਾ ਰਹੀ ਹੈ।