ਜਨਕਪੁਰੀ ਤੋਂ ਗਾਇਬ 7 ਸਾਲਾ ਬੱਚਾ ਸੀਤਾਪੁਰ ’ਚ ਮਿਲਿਆ
ਟਿਊਸ਼ਨ ਲਈ ਘਰੋਂ ਨਿਕਲਿਆ 7 ਸਾਲਾ ਮਾਸੂਮ ਦੂਸਰੇ ਸੂਬੇ ’ਚ ਮਿਲਿਆ
Publish Date: Thu, 19 Mar 2026 08:54 PM (IST)
Updated Date: Fri, 20 Mar 2026 04:16 AM (IST)

- ਟਿਊਸ਼ਨ ਲਈ ਘਰੋਂ ਨਿਕਲਿਆ ਸੀ ਸਾਬਿਰ ਹੂਸੈਨ, ਰੇਲ ਰਾਹੀਂ ਪਹੁੰਚਿਆ ਯੂਪੀ ਜਾਗਰਣ ਟੀਮ, ਲੁਧਿਆਣਾ : ਸ਼ੱਕੀ ਹਾਲਾਤ ’ਚ ਜਨਕਪੁਰੀ ਇਲਾਕੇ ਤੋਂ ਗਾਇਬ ਹੋਇਆ ਸਾਬਿਰ ਹੂਸੈਨ (7) ਆਖਰਕਾਰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਸੁਰੱਖਿਅਤ ਬਰਾਮਦ ਕੀਤਾ ਗਿਆ ਹੈ। ਬੱਚੇ ਦੇ ਮਿਲਣ ਦੀ ਸੂਚਨਾ ਸੁਣਦੇ ਹੀ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਸਾਬਿਰ ਹੂਸੈਨ 18 ਮਾਰਚ ਨੂੰ ਰੋਜ਼ਾਨਾ ਵਾਂਗ ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲਿਆ ਸੀ। ਪਰ ਨਾ ਤਾਂ ਉਹ ਟਿਊਸ਼ਨ ਪਹੁੰਚਿਆ ਅਤੇ ਨਾ ਹੀ ਘਰ ਪਰਤਿਆ। ਬੱਚੇ ਦੇ ਅਚਾਨਕ ਗਾਇਬ ਹੋਣ ਨਾਲ ਪਰਿਵਾਰ ’ਚ ਤੜਥੱਲੀ ਮਚ ਗਈ। ਪਰਿਵਾਰਕ ਮੈਂਬਰਾਂ ਨੇ ਆਲੇ-ਦੁਆਲੇ ਦੇ ਇਲਾਕਿਆਂ ਤੇ ਰਿਸ਼ਤੇਦਾਰਾਂ ’ਚ ਬੱਚੇ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪਰਿਵਾਰ ਨੇ ਅਗ਼ਵਾ ਦੀ ਸੰਭਾਵਨਾ ਜਤਾਈ ਅਤੇ ਥਾਣਾ-ਦੋ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਗਈ, ਜਿਸ ’ਚ ਬੱਚਾ ਟਿਊਸ਼ਨ ਲਈ ਜਾਂਦੇ ਹੋਏ ਦਿਖਾਈ ਦਿੱਤਾ। ਇਸ ਦੌਰਾਨ ਵੀਰਵਾਰ ਨੂੰ ਪਰਿਵਾਰ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਫੋਨ ਆਇਆ। ਫੋਨ ਕਾਲ ਰਾਹੀਂ ਦੱਸਿਆ ਗਿਆ ਕਿ ਬੱਚਾ ਰੇਲ ਰਾਹੀਂ ਉੱਥੇ ਪਹੁੰਚਿਆ ਹੈ। ਬੱਚੇ ਦੇ ਸਕੂਲ ਬੈਗ ’ਚ ਮਿਲੇ ਆਈ ਕਾਰਡ ਤੋਂ ਉਸ ਦਾ ਮੋਬਾਈਲ ਨੰਬਰ ਪ੍ਰਾਪਤ ਕਰ ਕੇ ਸੀਤਾਪੁਰ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਕੀਤਾ। ਨਾਲ ਹੀ ਬੱਚੇ ਦੇ ਸੁਰੱਖਿਅਤ ਹੋਣ ਦੀ ਤਸਵੀਰ ਵੀ ਸਾਂਝੀ ਕੀਤੀ ਗਈ। ਥਾਣਾ-ਦੋ ਦੇ ਐੱਸਐੱਚਓ ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬੱਚਾ ਲੁਧਿਆਣਾ ਤੋਂ ਸੀਤਾਪੁਰ ਕਿਵੇਂ ਪਹੁੰਚਿਆ।