ਕੌਮਾਂਤਰੀ ਕਾਨਫਰੰਸ ਵਿਚ ਦੇਸ਼ ਦੁਨੀਆਂ ਦੇ 700 ਵਿਦਵਾਨ ਅਤੇ ਬੁੱਧੀਜੀਵੀ ਪੁੱਜੇ
ਕੌਮਾਂਤਰੀ ਕਾਨਫਰੰਸ ਵਿਚ ਦੇਸ਼ ਦੁਨੀਆਂ ਦੇ 700 ਵਿਦਵਾਨ ਅਤੇ ਬੁੱਧੀਜੀਵੀ ਪੁੱਜੇ
Publish Date: Sat, 28 Feb 2026 07:03 PM (IST)
Updated Date: Sun, 01 Mar 2026 04:11 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਸੀਟੀ ਯੂਨੀਵਰਸਿਟੀ ਵਿਖੇ ਦੋ ਰੋਜਾ ਦੂਜੇ ਕੌਮਾਂਤਰੀ ਕਾਨਫਰੰਸ 2026 ਵਿਚ ਦੇਸ਼ ਦੁਨੀਆਂ ਦੇ 700 ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਦਿਆਂ ਸਥਿਰ ਵਿਕਾਸ ਅਤੇ ਹੋਰਾਂ ਮੁੱਦਿਆਂ ਨੂੰ ਲੈ ਕੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਜ਼ਰੂਰੀ ਦੱਸਿਆ। ਇਸ ਕੌਮਾਂਤਰੀ ਸਮਾਗਮ ਦੀ ਮੇਜਬਾਨੀ ਕਰਦਿਆਂ ਸੀਟੀ ਯੂਨੀਵਰਸਿਟੀ ਨੇ ਵਿਦੇਸ਼ਾਂ ਤੋਂ ਆਏ ਵਿਦਵਾਨਾਂ ਅਤੇ ਬੁੱਧੀਜੀਵੀਆਂ ਦਾ ਸਵਾਗਤ ਕੀਤਾ। ਇਸ ਕੌਮਾਂਤਰੀ ਸਮਾਗਮ ਵਿਚ ਨੌਜਵਾਨ ਖੋਜਕਾਰਾਂ ਨੂੰ ਵੀ ਉਤਸ਼ਾਹਿਤ ਕਰਦਿਆਂ ਉਨ੍ਹਾਂ ਦੀਆਂ ਖੋਜਾਂ ਦਾ ਖਾਸ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਉਪਲਬਧੀਆਂ ਦੀ ਚਰਚਾ ਕਰਦਿਆਂ ਉਨ੍ਹਾਂ ਦੇ ਇਸ ਉਪਰਾਲੇ ਸਦਕਾ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਅਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿਚ ਦੋ ਰੋਜਾ ਗਿਆਨ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਸਿੱਧ ਵਿਦਵਾਨ, ਨੀਤੀ ਨਿਰਧਾਰਕ, ਖੋਜਕਾਰ ਅਤੇ ਵਿਦਿਆਰਥੀਆਂ ਨੇ ਆਪੋ ਆਪਣੇ ਵਿਚਾਰਾਂ ਰਾਹੀਂ ਕਾਨਫਰੰਸ ਦੇ ਵਿਸ਼ੇ ’ਤੇ ਭਾਸ਼ਣ ਦਿੱਤੇ। ਇਹ ਸੰਮੇਲਨ ਸਥਿਰ ਵਿਕਾਸ ਅਤੇ ਨਵੀਨ ਸੋਚ ਨੂੰ ਸਮਰਪਿਤ ਸੀ। -ਸਮਾਗਮ ’ਚ ਸਨਮਾਨਿਤ ਸ਼ਖਸੀਅਤਾਂ ਕੁਲਪਤੀ ਡਾ. ਰਤਨ ਸਿੰਘ, ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਮੁਕਤ ਯੂਨੀਵਰਸਿਟੀ ਦੇ ਡਾ. ਮਹਾਵੀਰ ਸਿੰਘ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਡਾ. ਮਨੋਜ ਕੁਮਾਰ, ਡੀਏਵੀ ਯੂਨੀਵਰਸਿਟੀ ਦੇ ਵਿਨੋਦ ਸਿੰਘ ਯਾਦਵ, ਅਨੁਦਾਨ ਆਯੋਗਸ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ, ਵਰਤਮਾਨ ਕਾਰਜਕਾਰੀ ਨਿਰਦੇਸ਼ਕ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਮਹਿਮਾਨਾਂ ਵਿੱਚ ਡਾ. ਫਰੀਦਾ ਹਾਜ਼ ਹਸਨ, ਮਾਰਾ ਤਕਨੀਕੀ ਯੂਨੀਵਰਸਿਟੀ ਦੇ ਡਾ. ਦਲਵਿੰਦਰ ਕੌਰ, ਡਾ. ਕਿੰਗਜ਼ਲੇ ਲਿਓਂਗਾ ਨਗਾਂਗੇ, ਡਾਕਟਰ ਵਰਿੰਦਰ ਸਿੰਘ ਰਾਣਾ ਨੇ ਵਿਚਾਰ ਰੱਖਦਿਆਂ ਕਾਨਫਰੰਸ ਦੇ ਵਿਸ਼ਿਆਂ ’ਤੇ ਆਪੋ-ਆਪਣੇ ਵਿਚਾਰ ਰੱਖੇ। ਇਸ ਸੰਮੇਲਨ ’ਚ 600 ਤੋਂ ਵੱਧ ਪ੍ਰਸਤੁਤਕਾਰਾਂ ਅਤੇ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਨੇ ਚਾਰ ਬਹੁ-ਵਿਸ਼ਾਗਤ ਵਿਸ਼ਿਆਂ ਵਿੱਚ ਭਾਗ ਲਿਆ। ਪਹਿਲੇ ਦਿਨ ਵਿਚਾਰ ਗੋਸ਼ਠੀਆਂ ਅਤੇ ਖੋਜ ਪ੍ਰਸਤੁਤੀਆਂ ਰਾਹੀਂ ਸਥਿਰ ਵਿਕਾਸ ਲਈ ਨਵੀਆਂ ਰਣਨੀਤੀਆਂ ਉੱਤੇ ਗੰਭੀਰ ਚਰਚਾ ਕੀਤੀ ਗਈ। ਖੋਜਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਲੇ ਵੱਲੋਂ ਨੌਜਵਾਨ ਖੋਜਕਾਰ ਸਨਮਾਨ, ਸਰਵੋਤਮ ਮੌਖਿਕ ਪ੍ਰਸਤੁਤੀ ਸਨਮਾਨ ਅਤੇ ਸਰਵੋਤਮ ਪ੍ਰਦਰਸ਼ਨੀ ਸਨਮਾਨ ਪ੍ਰਦਾਨ ਕੀਤੇ ਗਏ। ਦੂਜੇ ਦਿਨ ਵੀ ਇਹੀ ਵਿਸ਼ੇ ਜਾਰੀ ਰਹੇ ਜਿਸ ਨਾਲ ਵਿਸ਼ਵ ਪੱਧਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲਿਆ।