ਮ੍ਰਿਤਕ ਕਰਮਚਾਰੀਆਂ ਦੇ 61 ਪਰਿਵਾਰਿਕ ਮੈਂਬਰਾਂ ਨੂੰ ਨਿਗਮ ’ਚ ਮਿਲੀ ਨੌਕਰੀ
ਮ੍ਰਿਤਕ ਕਰਮਚਾਰੀਆਂ ਦੇ 61 ਪਰਿਵਾਰਿਕ ਮੈਂਬਰਾਂ ਨੂੰ ਤਰਸ ਦੇ ਆਧਾਰ 'ਤੇ ਨਗਰ ਨਿਗਮ ਵਿੱਚ ਮਿਲੀ ਨੌਕਰੀ
Publish Date: Mon, 09 Mar 2026 11:06 PM (IST)
Updated Date: Tue, 10 Mar 2026 04:12 AM (IST)

ਮੇਅਰ ਨੇ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਭਾਵੁਕ ਕਰਮਚਾਰੀਆਂ ਨੇ ਨਿਯੁਕਤੀ ਲਈ ਮੇਅਰ ਦਾ ਕੀਤਾ ਧੰਨਵਾਦ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਨਗਰ ਨਿਗਮ ਵਿੱਚ ਕੰਮ ਕਰਦੇ ਸਮੇਂ ਜਾਨ ਗਵਾਉਣ 61 ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਮਿਲ ਗਈ ਹੈ। ਸੋਮਵਾਰ ਨੂੰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਇੱਕ ਸਾਦੇ ਸਮਾਰੋਹ ਦੌਰਾਨ ਨਗਰ ਨਿਗਮ ਲੁਧਿਆਣਾ ਦੇ ਮ੍ਰਿਤਕ ਮੁਲਾਜ਼ਮਾਂ ਦੇ 61 ਪਰਿਵਾਰਕ ਮੈਂਬਰਾਂ ਨੂੰ ਨਿਯੁਕਤ ਪੱਤਰ ਸੌਂਪੇ। ਇਸ ਮੌਕੇ ਤੇ ਡਿਪਟੀ ਮੇਅਰ ਪ੍ਰਿੰਸ ਜੌਹਰ, ਸੁਪਰਡੈਂਟ ਤਰੁਣ ਗੋਇਲ ਸਮੇਤ ਹੋਰ ਨਗਰ ਨਿਗਮ ਅਧਿਕਾਰੀ ਵੀ ਸਮਾਰੋਹ ਦੌਰਾਨ ਮੌਜੂਦ ਸਨ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਨੌਕਰੀਆਂ ਉਨ੍ਹਾਂ ਦੀ ਵਿਦਿਅਕ ਯੋਗਤਾ ਅਨੁਸਾਰ ਤਰਸ ਦੇ ਆਧਾਰ ਤੇ ਦਿੱਤੀਆਂ ਗਈਆਂ ਹਨ। ਟਿਯੁਕਤ ਕੀਤੇ ਗਏ 61 ਕਰਮਚਾਰੀਆਂ ਵਿੱਚ 3 ਕਲਰਕ, 2 ਜੂਨੀਅਰ ਡਰਾਫਟਸਮੈਨ, ਇੱਕ ਡਰਾਈਵਰ, 12 ਸੇਵਾਦਾਰ, 3 ਬੇਲਦਾਰ, 3 ਸੀਵਰਮੈਨ ਅਤੇ 37 ਸਫਾਈ ਸੇਵਕ ਸ਼ਾਮਲ ਹਨ। ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਾ ਦੀ ਸੇਵਾ ਲਈ ਕੁਸ਼ਲਤਾ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ। ਨੌਕਰੀ ਮਿਲਣ ਦੀ ਖੁਸ਼ੀ ’ਚ ਕਰਮਚਾਰੀਆਂ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਧੰਨਵਾਦ ਕੀਤਾ। ਇਹ ਦੱਸਦੇ ਹੋਏ ਕਿ ਉਨ੍ਹਾਂ ਦੀਆਂ ਫਾਈਲਾਂ ਕੁਝ ਸਾਲਾਂ ਤੋਂ ਲਟਕ ਰਹੀਆਂ ਸਨ, ਕਈ ਕਰਮਚਾਰੀਆਂ ਨੇ ਨੌਕਰੀਆਂ ਪ੍ਰਦਾਨ ਕਰਨ ਲਈ ਮੇਅਰ ਇੰਦਰਜੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਡੇ ਪੱਧਰ ਤੇ ਜਨਤਾ ਦੀ ਭਲਾਈ ਲਈ ਕੰਮ ਕਰ ਰਹੀ ਹੈ। ਮੇਅਰ ਨੇ ਕਿਹਾ ਕਿ ਉਹ ਕਰਮਚਾਰੀਆਂ ਤੋਂ ਫੀਡਬੈਕ ਲੈ ਰਹੇ ਹਨ ਅਤੇ ਉਨ੍ਹਾਂ ਦੀ ਭਲਾਈ ਲਈ ਕਈ ਕਦਮ ਵੀ ਚੁੱਕੇ ਗਏ ਹਨ।