ਰਣਜੋਧ ਸਿੰਘ ਤੇ ਡਾ. ਚਰਨ ਕਮਲ ਸਮੇਤ 6 ਲੇਖਕ ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ
ਰਣਜੋਧ ਸਿੰਘ ਅਤੇ ਡਾ.ਚਰਨ ਕਮਲ ਸਮੇਤ 6 ਲੇਖਕ ਡਾ.ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ
Publish Date: Thu, 12 Feb 2026 06:23 PM (IST)
Updated Date: Thu, 12 Feb 2026 06:26 PM (IST)

ਪਲਵਿੰਦਰ ਸਿੰਘ ਢੁੱਡੀਕੇ,ਪੰਜਾਬੀ ਜਾਗਰਣ ਲੁਧਿਆਣਾ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਡਾ. ਆਤਮ ਹਮਰਾਹੀ ਦਾ 91ਵਾਂ ਜਨਮ ਦਿਨ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। 5ਵੇਂ ਸਨਮਾਨ ਸਮਾਗਮ ਮੌਕੇ 6 ਲੇਖਕਾਂ ਰਣਜੋਧ ਸਿੰਘ, ਡਾ. ਚਰਨ ਕਮਲ ਸਿੰਘ, ਬੀਬਾ ਬਲਵੰਤ, ਡਾ. ਨਵਰਾਜ ਸਿੰਘ ਮੋਗਾ, ਇੰਦਰਜੀਤ ਪਾਲ ਕੌਰ ਅਤੇ ਅਮਰਪ੍ਰੀਤ ਕੌਰ ਸੰਘਾ ਨੂੰ ਪੰਜਵੇਂ ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਚਿੰਤਨਸ਼ੀਲ ਸਾਹਿਤਧਾਰਾ ਅਤੇ ਮੰਚ ਦੀ ਡਾਇਰੈਕਟਰ ਮਨਦੀਪ ਕੌਰ ਭੰਮਰਾ ਨੇ ਸਮਾਗਮ ਵਿਚ ਪਹੁੰਚੀਆਂ ਸਨਮਾਨਿਤ ਸ਼ਖ਼ਸੀਅਤਾਂ ਅਤੇ ਸਮੂਹ ਹਾਜ਼ਰੀਨ ਦਾ ਸਵਾਗਤ ਕਰਦਿਆਂ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਆਤਮ ਹਮਰਾਹੀ ਅੱਖਰ ਗਿਆਨ ਦੇ ਉਹ ਸਮੁੰਦਰ ਸਨ ਜਿਨ੍ਹਾਂ ਨੂੰ ਬਹੁਪੱਖੀ ਰੂਪ ਵਿਚ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ ਦੇਖਿਆ ਜਾ ਸਕਦਾ ਹੈ। ਸੰਸਥਾ ਮੁੱਖ ਸਲਾਹਕਾਰਾਂ ਵਿੱਚੋਂ ਸਤਿਬੀਰ ਸਿੰਘ ਨੇ ਡਾ. ਆਤਮ ਹਮਰਾਹੀ ਦੀ ਸਿਮਰਤੀ ਨੂੰ ਯਾਦ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਦੀ ਜਨਰਲ ਸਕੱਤਰ ਸੁਰਿੰਦਰ ਦੀਪ ਕੌਰ ਨੇ ਡਾ. ਆਤਮ ਹਮਰਾਹੀ ਦੀ ਪੰਜਾਬੀ ਭਵਨ ਦੀ ਆਮਦ ਤੇ ਆਹਟ ਨੂੰ ਯਾਦ ਕੀਤਾ। ਸਨਮਾਨਿਤ ਸ਼ਖ਼ਸੀਅਤਾਂ ਬੀਬਾ ਬਲਵੰਤ ਬਾਰੇ ਡਾ. ਗੁਰਇਕਬਾਲ ਸਿੰਘ ਨੇ, ਡਾ. ਨਵਰਾਜ ਸਿੰਘ ਮੋਗਾ ਬਾਰੇ ਡਾ. ਗੁਰਚਰਨ ਕੌਰ ਕੋਚਰ, ਰਣਜੋਧ ਸਿੰਘ ਬਾਰੇ ਤ੍ਰੈਲੋਚਨ ਲੋਚੀ, ਡਾ. ਚਰਨ ਕਮਲ ਬਾਰੇ ਡਾ. ਹਰੀ ਸਿੰਘ ਜਾਚਕ, ਇੰਦਰਜੀਤ ਪਾਲ ਕੌਰ ਬਾਰੇ ਸੁਰਿੰਦਰ ਗਿੱਲ ਜੈਪਾਲ, ਅਮਰਪ੍ਰੀਤ ਕੌਰ ਸੰਘਾ ਬਾਰੇ ਡਾ. ਪਰਮਜੀਤ ਕੌਰ ਪਾਸੀ ਨੇ ਸ਼ੋਭਾ ਪੱਤਰ ਪੜ੍ਹੇ। ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਾਮਲ ਹੋਏ ਭੁਪਿੰਦਰ ਕੌਰ ਪਾਤਰ ਨੇ ਬਹੁਤ ਸੁਰੀਲੀ ਆਵਾਜ਼ ’ਚ ਡਾ. ਸੁਰਜੀਤ ਪਾਤਰ ਦੀ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ। ਉੱਘੇ ਗ਼ਜ਼ਲਗੋ ਤ੍ਰੈਲੋਚਨ ਲੋਚੀ ਨੇ ਡਾ. ਆਤਮ ਹਮਰਾਹੀ ਦੀ ਗ਼ਜ਼ਲ ਤਰੁੰਨਮ ’ਚ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਪ੍ਰਸਿੱਧ ਗਾਇਕ ਅਮਰਜੀਤ ਸ਼ੇਰਪੁਰੀ ਨੇ ਮਨਦੀਪ ਭੰਮਰਾ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਕੀਤੇ ਜਾ ਰਹੇ ਉੱਦਮ ਦੀ ਉਸਤਤ ਵਿੱਚ ਗੀਤ ਸੁਣਾਇਆ। ਡਾ. ਪਰਮਿੰਦਰ ਸਿੰਘ, ਸ਼ੂਗਰ ਦੇ ਮਾਹਿਰ ਨੇ ਡਾ. ਆਤਮ ਹਮਰਾਹੀ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਬਹੁਤ ਮੁੱਲਵਾਨ ਅਤੇ ਵਿਸਥਾਰਪੂਰਵਕ ਗੱਲਾਂ ਕੀਤੀਆਂ। ਫ਼ਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਨੂੰ ਪੁਰਸਕਾਰ ਸਮਾਗਮ ਦੀ ਵਧਾਈ ਦਿੱਤੀ। ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਟਿੱਕਾ ਨੇ ਪੰਜਾਬੀ ਭਵਨ ਵਿੱਚ ਹੁੰਦੇ ਅਜਿਹੇ ਸਮਾਗਮਾਂ ’ਚ ਆਪਣੀ ਸ਼ਮੂਲੀਅਤ ’ਤੇ ਮਾਣ ਮਹਿਸੂਸ ਕੀਤਾ। ਇਸ ਮੌਕੇ ਸੁਰਿੰਦਰ ਕੌਰ ਬਾੜਾ ਮੰਚ ਦੀ ਜਨਰਲ ਸਕੱਤਰ ਸੁਰਿੰਦਰ ਦੀਪ ਨੂੰ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਉੱਪਲ ਅਤੇ ਜਤਿੰਦਰ ਕੌਰ ਬੁਆਲ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਮੀਤ ਵਿਦਿਆਰਥੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਨਿਰਮਲ ਅਰਪਨ, ਬਲਵਿੰਦਰ ਸਿੰਘ ਗਲੈਕਸੀ, ਜਸਪ੍ਰੀਤ ਅਮਲਤਾਸ, ਕੁਲਵਿੰਦਰ ਕਿਰਨ, ਅਮਰਜੀਤ ਸ਼ੇਰਪੁਰੀ, ਚਰਨਦੀਪ ਸਿੰਘ, ਨੇਤਰ ਸਿੰਘ ਨੇਤਰ, ਹਰਪ੍ਰੀਤ ਕੌਰ, ਇੰਦਰਜੀਤ ਕੌਰ ਲੋਟੇ, ਜੈਪਾਲ, ਪ੍ਰੋ. ਪ੍ਰਭਜੋਤ ਕੌਰ, ਡਾ. ਸਰਬਜੋਤ ਕੌਰ, ਪਰਮਜੀਤ ਸਿੰਘ, ਮਨਮੋਹਨ ਸਿੰਘ ਭੰਮਰਾ, ਰਵਿੰਦਰ ਰਵੀ, ਸਤਿਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਜਗਪਾਲ ਸਿੰਘ ਜਮਾਲਪੁਰੀ, ਮਾਸਟਰ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਅਤੇ ਸਰੋਤੇ ਹਾਜ਼ਰ ਸਨ।