ਫਰਜ਼ੀ ਕਾਗਜ਼ਾਂ ਜ਼ਰੀਏ ਕਾਰ ਵੇਚ ਕੇ 6 ਲੱਖ ਠੱਗੇ, ਮੁਲਜ਼ਮ ਨਾਮਜ਼ਦ
ਫਰਜ਼ੀ ਕਾਗਜ਼ਾਂ ਦੇ ਜ਼ਰੀਏ ਕਾਰ ਵੇਚ ਕੇ 6 ਲੱਖ ਦੀ ਠੱਗੀ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
Publish Date: Wed, 18 Mar 2026 10:11 PM (IST)
Updated Date: Thu, 19 Mar 2026 04:13 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਇਲਾਕੇ ਵਿੱਚ ਕਾਰ ਵੇਚਣ ਦੇ ਨਾਮ ’ਤੇ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਫਰਜ਼ੀ ਦਸਤਾਵੇਜ਼ ਅਤੇ ਬੈਂਕ ਦੀ ਨਕਲੀ ਐਨਓਸੀ ਦੇ ਕੇ 6 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਲਲਿਤ ਕੁਮਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ, ਹਾਲਾਂਕਿ ਉਸ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋ ਸਕੀ। ਸ਼ਿਕਾਇਤਕਰਤਾ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਦੱਸਿਆ ਕਿ ਉਸ ਨੇ ਕਾਰ ਬਾਜ਼ਾਰ ਰਾਹੀਂ ਪੀਬੀ10 ਜੇਐਲ 5872 ਨੰਬਰ ਦੀ 2015 ਮਾਡਲ ਕਾਰ ਖਰੀਦੀ ਸੀ। ਦੋਸ਼ੀ ਨੇ ਕਾਰ ਦੇ ਲੋਨ ਨਾਲ ਸੰਬੰਧਿਤ ਸਾਰੇ ਕਾਗਜ਼ ਜਾਲਸਾਜ਼ੀ ਨਾਲ ਤਿਆਰ ਕੀਤੇ ਹੋਏ ਸਨ ਅਤੇ ਬੈਂਕ ਦੀ ਫਰਜ਼ੀ ਐਨਓਸੀ ਵੀ ਦਿੱਤੀ, ਤਾਂ ਜੋ ਇਹ ਲੱਗੇ ਕਿ ਵਾਹਨ ’ਤੇ ਕੋਈ ਬਕਾਇਆ ਨਹੀਂ ਹੈ। ਦੋਸ਼ੀ ਦੀਆਂ ਗੱਲਾਂ ਵਿੱਚ ਆ ਕੇ ਪੀੜਤ ਨੇ 6 ਲੱਖ ਰੁਪਏ ਅਦਾ ਕਰ ਦਿੱਤੇ, ਪਰ ਜਦੋਂ ਕਾਗਜ਼ਾਂ ਦੀ ਜਾਂਚ ਕਰਵਾਈ ਗਈ ਤਾਂ ਸਾਰਾ ਮਾਮਲਾ ਬੇਨਕਾਬ ਹੋ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਰ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਜਾਅਲੀ ਸਨ ਅਤੇ ਬੈਂਕ ਦੀ ਐਨਓਸੀ ਵੀ ਨਕਲੀ ਸੀ। ਇਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਥਾਣਾ ਸ਼ਿਮਲਾਪੁਰੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਸਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।