ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ ਦੌਰਾਨ 450 ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ ਦੌਰਾਨ 450 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ
Publish Date: Sat, 18 Apr 2026 06:39 PM (IST)
Updated Date: Sat, 18 Apr 2026 06:42 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮਹਾਰਾਜਾ ਅਗਰਸੈਨ ਯੂਨੀਵਰਸਿਟੀ ਸੋਲਨ ਦੇ ਉਪ ਕੁਲਪਤੀ ਪ੍ਰੋ .(ਡਾ.) ਪਰਦੀਪ ਸਿੰਘ ਵਾਲੀਆ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕੀਤੀਆਂ। ਸਮਾਗਮ ਦਾ ਆਗਾਜ਼ ਕਾਲਜ ਸ਼ਬਦ ਦੇਹਿ ਸ਼ਿਵਾ ਬਰ ਮੋਹਿ ਇਹੈ ਨਾਲ਼ ਹੋਇਆ। ਅਕਾਦਮਿਕ, ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ 15 ਵਿਦਿਆਰਥਣਾਂ ਨੂੰ ਰੋਲ ਆਫ ਆਨਰ, 9 ਵਿਦਿਆਰਥਣਾਂ ਨੂੰ ਕਾਲਜ ਕਲਰ ਅਤੇ 21 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਨਾਲ਼ ਸਨਮਾਨਿਤ ਕੀਤਾ ਗਿਆ। ਪੋਸਟ ਗਰੈਜੂਏਟ ਅਤੇ ਗਰੈਜੁਏਟ ਕਲਾਸਾਂ ਦੇ 450 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ, ਮੈਂਬਰ ਜੱਥੇਦਾਰ ਹੀਰਾ ਸਿੰਘ ਗਾਬੜੀਆ, ਬਾਬਾ ਅਜੀਤ ਸਿੰਘ, ਜਗਜੀਤ ਸਿੰਘ ਅਹੂਜਾ (ਕਾਰਜਕਾਰੀ ਪ੍ਰਧਾਨ) ਨੇ ਫ਼ੁੱਲਾਂ ਦੇ ਗੁਲਦਸਤੇ ਦੇ ਕੇ ਮੁੱਖ ਮਹਿਮਾਨ ਜੀ ਨੂੰ ਜੀ ਆਇਆਂ ਨੂੰ ਆਖਿਆ। ਸ਼ਮਾਂ ਰੌਸ਼ਨ ਉਪਰੰਤ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਮੁੱਖ ਮਹਿਮਾਨ ਨੂੰ ਰਸਮੀ ਤੌਰ ਤੇ ਜੀ ਆਇਆ ਨੂੰ ਆਖਿਆ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਆਪਣੇ ਸੰਬੋਧਨ ਵਿਚ ਪ੍ਰੋ. (ਡਾ.) ਵਾਲੀਆ ਨੇ ਵਿਦਿਆਰਥਣਾਂ ਨੂੰ ਇੱਕਸੁਰ ਹੋ ਕੇ ਆਪਣੇ ਕਰਮਖੇਤਰ ਵਿਚ, ਮਿਹਨਤ ਤੇ ਲਗਨ ਨਾਲ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਮੌਜੂਦਾ ਡਿਜੀਟਲ ਯੁੱਗ ਵਿਚ ਸਮੇਂ ਦਾ ਸਦਉਪਯੋਗ ਕਰਕੇ ਆਪਣੇ ਕੈਰੀਅਰ ਤੇ ਟੀਚਿਆਂ ਵੱਲ ਧਿਆਨ ਦੇਣ ਲਈ ਆਖਿਆ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਅਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਾਲਜ ਦੇ ਉਦੇਸ਼ ਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਦੌਰਾਨ ਜਗਜੀਤ ਸਿੰਘ ਅਹੂਜਾ (ਕਾਰਜਕਾਰੀ ਪ੍ਰਧਾਨ), ਮੈਂਬਰ ਜੱਥੇਦਾਰ ਹੀਰਾ ਸਿੰਘ ਗਾਬੜੀਆ, ਸ. ਅਮਰੀਕ ਸਿੰਘ ਸੱਚਰ ਨੇ ਵੀ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ। ਰਾਸ਼ਟਰੀ ਗਾਇਨ ਉਪਰੰਤ ਖਿੜੇ ਚਿਹਰਿਆਂ ਅਤੇ ਭਵਿੱਖ ਦੇ ਆਸ਼ਾਵਾਦੀ ਨਜ਼ਰੀਏ ਨਾਲ਼ ਇਹ ਸਮਾਗਮ ਸੰਪੰਨ ਹੋਇਆ।