ਕ੍ਰਿਪਟੋ ਕਰੰਸੀ ’ਚ ਪੈਸਾ ਲਾ ਕੇ ਮੁਨਾਫੇ ਦਾ ਝਾਂਸਾ ਦਿੱਤਾ, 43 ਲੱਖ ਠੱਗੇ
ਕ੍ਰਿਪਟੋ ਕਰੰਸੀ ਵਿੱਚ ਪੈਸਾ ਲਾ ਕੇ ਮੁਨਾਫੇ ਦਾ ਝਾਂਸਾ ਦਿੱਤਾ, 43 ਲੱਖ ਠੱਗੇ
Publish Date: Thu, 19 Mar 2026 07:49 PM (IST)
Updated Date: Fri, 20 Mar 2026 04:16 AM (IST)

* ਅੱਧਾ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਕ੍ਰਿਪਟੋ ਕਰੰਸੀ ’ਚ ਪੈਸਾ ਲਗਾ ਕੇ ਵੱਡਾ ਮੁਨਾਫਾ ਕਮਾਉਣ ਦਾ ਝਾਂਸਾ ਦਿੰਦੇ ਹੋਏ ਲੱਖਾਂ ਰੁਪਏ ਦੀ ਠੱਗੀ ਮਰਨ ਵਾਲੇ ਅੱਧਾ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਠੱਗੀ ਦਾ ਸ਼ਿਕਾਰ ਹੋਏ ਪੀੜਤ ਅਰਬਨ ਅਸਟੇਟ ਦੁੱਗਰੀ ਵਾਸੀ ਜਸਕਰਨਜੀਤ ਸਿੰਘ ਦੇ ਬਿਆਨ ਉੱਪਰ ਪਿੰਡ ਰੰਗੀਲਾ ਬੇਲੋ ਦੇ ਰਹਿਣ ਵਾਲੇ ਗੁਰਦੀਪ ਸਿੰਘ, ਮਨਪ੍ਰੀਤ ਸਿੰਘ ਵਾਸੀ ਕਪੂਰਥਲਾ, ਧਰਮਿੰਦਰ ਸਿੰਘ ਵਾਸੀ ਮਨਜੀਤ ਨਗਰ, ਸਤਵਿੰਦਰ ਸਿੰਘ ਉਰਫ ਪ੍ਰਿੰਸ ਵਾਸੀ ਅਬਦੁੱਲਾਪੁਰ ਬਸਤੀ, ਕੁਲਦੀਪ ਸਿੰਘ ਅਤੇ ਜਲੰਧਰ ਦੇ ਰਹਿਣ ਵਾਲੇ ਭੱਟੀ ਨਾਮ ਦੇ ਮੁਲਜ਼ਮਾਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਸਕਰਨਜੀਤ ਸਿੰਘ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਸੰਪਰਕ ਕਰਕੇ ਯੂਐਸਡੀਟੀ ਕ੍ਰਿਪਟੋ ਕਰੰਸੀ ਵਿੱਚ ਪੈਸਾ ਲਗਾ ਕੇ ਮੋਟਾ ਮੁਨਾਫਾ ਕਮਾਉਣ ਦਾ ਭਰੋਸਾ ਦਵਾਇਆ। ਮੁਲਜ਼ਮਾਂ ਨੇ ਮਿੱਥੀ ਸਾਜਿਸ਼ ਤਹਿਤ ਉਸ ਨੂੰ ਝਾਂਸੇ ਵਿੱਚ ਲੈ ਕੇ ਉਸ ਕੋਲੋਂ ਕਰੀਬ 43 ਲੱਖ ਰੁਪਏ ਲੈ ਲਏ। ਇਹ ਰਕਮ ਲੈਣ ਮਗਰੋਂ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਕੋਈ ਮੁਨਾਫਾ ਦਿੱਤਾ ਅਤੇ ਨਾ ਹੀ ਉਸ ਦੀ ਦਿੱਤੀ ਹੋਈ ਰਕਮ ਵਾਪਸ ਕਰ ਰਹੇ ਹਨ। ਉਸ ਨੇ ਕਈ ਵਾਰ ਮੁਲਜ਼ਮਾਂ ਨਾਲ ਸੰਪਰਕ ਕਰਕੇ ਆਪਣੀ ਦਿੱਤੀ ਹੋਈ ਰਕਮ ਵਾਪਸ ਮੰਗੀ, ਪਰ ਜਦ ਕੋਈ ਹੱਲ ਨਾ ਨਿਕਲਿਆ ਤਾਂ ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਧੋਖਾਦੇਹੀ ਸਬੰਧੀ ਸ਼ਿਕਾਇਤ ਦਰਜ ਕਰਵਾਈ। ਦੱਸਣਯੋਗ ਹੈ ਕਿ ਪੀੜਿਤ ਜਸਕਰਨਜੀਤ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਆਪਣੇ ਨਾਲ ਹੋਈ ਇਸ ਧੋਖਾਦੇਹੀ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਿੱਤੀ ਸੀ ਅਤੇ ਇਸ ਸੰਸਨੀਖੇਜ ਮਾਮਲੇ ’ਚ ਪੁਲਿਸ ਵੱਲੋਂ ਕਈ ਢੰਗ ਨਾਲ ਪੜਤਾਲ ਕਰ ਕੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਮੁਤਾਬਕ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਸਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।