ਫਰਜ਼ੀ ਵੈਬਸਾਈਟ ਬਣਾ ਕੇ ਮੁਫ਼ਤ ਚੈਨਲ ਦਾ ਝਾਂਸਾ, ਵੇਦੂ ਐਪ ਜ਼ਰੀਏ ਠੱਗੀ, 4 ਜਣੇ ਨਾਮਜ਼ਦ
ਪਾਇਰੇਟਡ ‘ਵੇਦੂ ਐਪ’ ਰਾਹੀਂ ਫਿਲਮਾਂ ਤੇ ਲਾਈਵ ਮੈਚਾਂ ਦੀ ਗੈਰਕਾਨੂੰਨੀ ਸਟ੍ਰੀਮਿੰਗ, ਲੋਕਾਂ ਨਾਲ ਠੱਗੀ ਕਰਨ ਵਾਲੇ 4 ਨਾਮਜ਼ਦ
Publish Date: Wed, 18 Mar 2026 09:43 PM (IST)
Updated Date: Thu, 19 Mar 2026 04:13 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ’ਚ ਸਾਈਬਰ ਕ੍ਰਾਈਮ ਤੇ ਥਾਣਾ-5 ਦੀ ਪੁਲਿਸ ਨੇ ਇਕ ਵੱਡੇ ਪਾਇਰੇਸੀ ਤੇ ਠੱਗੀ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਇਹ ਮੁਲਜ਼ਮ ਮੋਬਾਈਲ ਐਪ ‘ਵੇਦੂ ਐਪ’ ਜ਼ਰੀਏ ਫਿਲਮਾਂ, ਵੈੱਬ ਸੀਰੀਜ਼ ਤੇ ਲਾਈਵ ਖੇਡਾਂ ਦੀ ਗ਼ੈਰ-ਕਾਨੂੰਨੀ ਸਟ੍ਰੀਮਿੰਗ ਕਰਦੇ ਹੋਏ ਲੋਕਾਂ ਨੂੰ ਠੱਗ ਰਹੇ ਸਨ।
ਸ਼ਿਕਾਇਤਕਰਤਾ ਹਰਮਿੰਦਰ ਸਿੰਘ ਵਾਸੀ ਲਾਜਪਤ ਨਗਰ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਉਕਤ ਪਾਇਰੇਟਡ ਐਪ ਰਾਹੀਂ ਮਸ਼ਹੂਰ ਓਟੀਟੀ ਪਲੇਟਫਾਰਮਾਂ ਦਾ ਕੰਟੈਂਟ ਬਿਨ੍ਹਾਂ ਇਜਾਜ਼ਤ ਦੇ ਦਿਖਾਇਆ ਜਾ ਰਿਹਾ ਸੀ। ਐਪ ’ਤੇ ਫਿਲਮਾਂ ਦੇ ਨਾਲ-ਨਾਲ ਲਾਈਵ ਸਪੋਰਟਸ, ਖਾਸ ਕਰ ਕੇ ਕ੍ਰਿਕਟ ਮੈਚ ਵੀ ਮੁਫ਼ਤ ਸਟ੍ਰੀਮ ਕੀਤੇ ਜਾ ਰਹੇ ਸਨ, ਜਿਸ ਨਾਲ ਕਾਨੂੰਨੀ ਪਲੇਟਫਾਰਮਾਂ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਸੀ।
ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਦੋਸ਼ੀ ਟੈਲੀਗ੍ਰਾਮ ਚੈਨਲਾਂ ਤੇ ਫਰਜ਼ੀ ਵੈਬਸਾਈਟਾਂ ਰਾਹੀਂ ਲੋਕਾਂ ਨੂੰ ਇਹ ਐਪ ਡਾਊਨਲੋਡ ਕਰਨ ਲਈ ਉਕਸਾਉਂਦੇ ਸਨ। ‘ਫ੍ਰੀ ਵਿਚ ਚੈਨਲ ਤੇ ਮੈਚ ਦੇਖੋ’ ਦੇ ਲਾਲਚ ਨਾਲ ਵੱਡੀ ਗਿਣਤੀ ’ਚ ਯੂਜ਼ਰ ਜੋੜੇ ਗਏ ਤੇ ਐਪ ’ਚ ਚਲਦੇ ਵਿਗਿਆਪਨਾਂ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਸੀ। ਇਹ ਮਾਮਲਾ 22 ਅਪ੍ਰੈਲ 2025 ਨੂੰ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ। ਪੁਲਿਸ ਨੇ ਇਸ ਸਬੰਧੀ ਅਮਨ ਕੁਮਾਰ ਸਾਹੂ, ਅਵਿਨਾਸ਼, ਸਨੇਹਾ ਸ਼ੁਕਲਾ ਅਤੇ ਅਵਿਨਾਸ਼ ਸਿੰਘ ਨੂੰ ਨਾਮਜ਼ਦ ਕੀਤਾ ਹੈ। ਥਾਣਾ-5 ਦੀ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਬੀਐਨਐਸ ਦੀ ਧਾਰਾ 61(2) ਤੇ ਆਈਟੀ ਐਕਟ ਦੀਆਂ ਧਾਰਾਵਾਂ 66-ਸੀ ਤੇ 66-ਡੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਐੱਸਐੱਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਤੇ ਜਲਦੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।