ਨਗਰ ਕੌਂਸਲ ’ਤੇ ‘ਆਪ’ ਦਾ ਕਬਜਾ ਕਰਵਾਉਣ ਵਾਲੇ 4 ਕੌਂਸਲਰਾਂ ਦੀ ਕਾਂਗਰਸ ’ਚੋਂ ‘ਛੁੱਟੀ’
ਜਗਰਾਓਂ ਨਗਰ ਕੌਂਸਲ ’ਤੇ ‘ਆਪ’ ਦਾ ਕਬਜਾ ਕਰਵਾਉਣ ਵਾਲੇ 4 ਕੌਂਸਲਰਾਂ ਦੀ ਕਾਂਗਰਸ ’ਚੋਂ ‘ਛੁੱਟੀ’
Publish Date: Mon, 19 Jan 2026 07:46 PM (IST)
Updated Date: Tue, 20 Jan 2026 04:16 AM (IST)

-ਚੋਣ ਦਾ ਬਾਈਕਾਟ ਕਰਦਿਆਂ ਬਹੁਮਤ ਸਾਬਤ ਕਰਦਿਆਂ ਕੀਤਾ ਸ਼ਕਤੀ ਪ੍ਰਦਰਸ਼ਨ -ਪ੍ਰਧਾਨ ਰਾਣਾ ਨੂੰ ਸਾਜਿਸ਼ ਤਹਿਤ ਹਟਾਉਣ ’ਤੇ ਕੀਤਾ ਬਾਈਕਾਟ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਦਾ ਕਬਜਾ ਕਰਵਾਉਣ ਵਾਲੇ 4 ਕਾਂਗਰਸੀ ਕੌਂਸਲਰਾਂ ਦੀ ਪਾਰਟੀ ਵਿਚੋਂ ‘ਛੁੱਟੀ’ ਕਰ ਦਿੱਤੀ ਗਈ। ਜਗਰਾਓਂ ਕਾਂਗਰਸ ਦੀ ਲੀਡਰਸ਼ਿਪ ਨੇ 12 ਕੌਂਸਲਰਾਂ ਦੇ ਅੱਜ ਵੀ ਨਾਲ ਖੜੇ ਹੋਣ ਦਾ ਦਾਅਵਾ ਕਰਦਿਆਂ ਕੀਤੇ ਸ਼ਕਤੀ ਪ੍ਰਦਰਸ਼ਨ ਰਾਹੀਂ ਆਮ ਆਦਮੀ ਪਾਰਟੀ ਨੂੰ ਲਲਕਾਰਦਿਆਂ ਕਿਹਾ ਕਿ ‘ਦੇਖ ਲਓ ਅੱਜ ਵੀ ਬਹੁਮਤ ਉਨ੍ਹਾਂ ਕੋਲ ਹੈ ਜੇ ਚਾਹੁਣ ਤਾਂ ਸੀਨਅਰ ਅਤੇ ਜੂਨੀਅਰ ਮੀਤ ਪ੍ਰਧਾਨ ਕਾਂਗਰਸ ਦੇ ਹੀ ਹੋਣਗੇ’ ਪਰ ਉਨ੍ਹਾਂ ਵੱਲੋਂ ਅੱਜ ਦੀ ਚੋਣ ਦਾ ਬਾਈਕਾਟ ਕੀਤਾ ਜਾਂਦਾ ਹੈ। ਜਿਸ ਦਾ ਕਾਰਨ ਸਥਾਨਕ ਸੱਤਾ ਧਿਰ ਵੱਲੋਂ ਝੂਠੀ ਸਾਜਿਸ਼ ਤਹਿਤ ਜਤਿੰਦਰਪਾਲ ਰਾਣਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਬੇ ਕੀਤਾ ਗਿਆ ਸੀ। ਸੋਮਵਾਰ ਨੂੰ ਸਥਾਨਕ ਪਹਿਲਵਾਨ ਢਾਬਾ ਵਿਖੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਕੌਂਸਲਰਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਹੀ ਆਗੂਆਂ ਨੇ ਕਿਹਾ ਕਿ ਅੱਜ ਵੀ 12 ਕੌਂਸਲਰ ਉਨ੍ਹਾਂ ਦੇ ਨਾਲ ਹਨ। ਜਿਨ੍ਹਾਂ ਵਿਚ ਜਤਿੰਦਰਪਾਲ ਰਾਣਾ, ਕੌਂਸਲਰ ਵਿਕਰਮ ਜੱਸੀ, ਅਮਨ ਕਪੂਰ ਬੌਬੀ, ਗੁਰਪ੍ਰੀਤ ਕੌਰ ਤਤਲਾ, ਜਰਨੈਲ ਸਿੰਘ ਲੋਹਟ, ਐਡਵੋਕੇਟ ਹਿਮਾਂਸ਼ੂ ਮਲਿਕ, ਕਵਿਤਾ ਕੱਕੜ, ਡਿੰਪਲ ਗੋਇਲ, ਰਮੇਸ਼ ਕੁਮਾਰ ਮਹੇਸ਼ੀ ਸਹੋਤਾ, ਰਵਿੰਦਰਪਾਲ ਰਾਜੂ, ਦਰਸ਼ਨਾ ਦੇਵੀ, ਸੁਖਦੇਵ ਕੌਰ ਚੱਟਾਨ ਵਾਂਗ ਪਾਰਟੀ ਨਾਲ ਖੜ੍ਹੇ ਹਨ। -ਅੱਜ ਦੀ ਚੋਣ ਗ਼ੈਰ-ਸੰਵਿਧਾਨਕ : ਹਿੱਸੋਵਾਲ ਸਾਬਕਾ ਵਿਧਾਇਕ ਹਿੱਸੋਵਾਲ ਅਤੇ ਸਾਬਕਾ ਪ੍ਰਧਾਨ ਸੋਨੀ ਨੇ ਕਿਹਾ ਕਿ ਅੱਜ ਦੀ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ। ਅਫਸਰਸ਼ਾਹੀ ਨੇ ਸੱਤਾ ਧਿਰ ਦੇ ਦਬਾਅ ਹੇਠ ਇਸ ਗਲਤ ਚੋਣ ਨੂੰ ਸਿਰੇ ਚਾੜ੍ਹਿਆ ਹੈ। ਜਿਸ ਨੂੰ ਅਦਾਲਤ ਵਿਚ ਚੈਲੰਜ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਚੋਣ ਮੀਟਿੰਗ ਵਿਚ ਕੋਰਮ ਪੂਰਾ ਨਹੀਂ ਸੀ। ਕੁੱਲ 23 ਕੌਂਸਲਰਾਂ ਵਾਲੀ ਨਗਰ ਕੌਂਸਲ ਵਿੱਚ ਇਹ ਚੋਣ ਕਰਵਾਉਣ ਲਈ ਘੱਟ-ਘੱਟ 12 ਕੌਂਸਲਰਾਂ ਚੋਣ ਮੀਟਿੰਗ ਵਿੱਚ ਹਾਜ਼ਰ ਚਾਹੀਦੇ ਹਨ, ਜਦਕਿ ਚੋਣ ਮੌਕੇ ਸਿਰਫ 9 ਕੌਂਸਲਰ ਹੀ ਹਾਜ਼ਰ ਸਨ। -ਇਨ੍ਹਾਂ ਕੌਂਸਲਰਾਂ ਤੇ ਕਾਂਗਰਸੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ ਅੱਜ ਆਮ ਆਦਮੀ ਪਾਰਟੀ ਦੀ ਪਿੱਠ ਥਾਪੜਣ ਵਾਲੇ ਕਾਂਗਰਸੀ ਕੌਂਸਲਰਾਂ ਵਿਚ ਸੁਧਾ ਭਾਰਦਵਾਜ, ਰਾਜਿੰਦਰ ਕੌਰ ਠੁਕਰਾਲ, ਅਨੀਤਾ ਸਭਰਵਾਲ ਅਤੇ ਪਰਮਿੰਦਰ ਕੌਰ ਕਲਿਆਣ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਰਵਿੰਦਰ ਸਭਰਵਾਲ ਫੀਨਾ, ਠੇਕੇਦਾਰ ਰਾਜ ਭਾਰਦਵਾਜ, ਅਮਰਨਾਥ ਕਾਲਾ ਕਲਿਆਣ ਅਤੇ ਅਜੀਤ ਸਿੰਘ ਰਾਜੂ ਠੁੁਕਰਾਲ ਦੀ ਵੀ ਕਾਂਗਰਸ ਵਿਚੋਂ ਛੁੱਟੀ ਕਰ ਦਿੱਤੀ ਗਈ ਹੈ। ਇਹ ਐਲਾਨ ਕਰਦਿਆਂ ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਤੇ ਸੋਨੀ ਗਾਲਿਬ ਨੇ ਕਿਹਾ ਕਿ ਇਸ ਦੀ ਬਕਾਇਦਾ ਰਸਮੀ ਐਲਾਨ ਜਲਦ ਹੀ ਪੰਜਾਬ ਕਾਂਗਰਸ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਾਗੀ ਸੁਰਾਂ ਵਾਲੇ ਕਾਂਗਰਸੀਆਂ ਨੂੰ ਬਹੁਤ ਵਾਰ ਮੌਕਾ ਦਿੱਤਾ ਪਰ ਹੁਣ ਪਾਣੀ ਸਿਰ ਉੱਪਰੋਂ ਲੰਘ ਗਿਆ ਜਿਸ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।