ਨਾਨਕਸਰ ਝੋਰੜਾਂ ਵਿਖੇ 26 ਰੋਜ਼ਾ ਸਲਾਨਾ ਸਮਾਗਮ ਅੱਜ ਹੋਣਗੇ ਆਰੰਭ
ਨਾਨਕਸਰ ਝੋਰੜਾਂ ਵਿਖੇ 26 ਰੋਜਾ ਸਲਾਨਾ ਸਮਾਗਮ ਅੱਜ ਹੋਣਗੇ ਆਰੰਭ
Publish Date: Sat, 28 Feb 2026 06:40 PM (IST)
Updated Date: Sun, 01 Mar 2026 04:10 AM (IST)

-ਪਹਿਲੇ ਦਿਨ ਅੰਮਿ੍ਰਤ ਸੰਚਾਰ ਤੋਂ ਬਾਅਦ ਪਾਠ ਹੋਣਗੇ ਪ੍ਰਕਾਸ਼ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਗੁਰਦੁਆਰਾ ਨਾਨਕਸਰ ਝੋਰੜਾਂ ਠਾਠ ਤੇਰਾਂ ਮੰਜ਼ਿਲਾਂ ਵਿਖੇ 26 ਰੋਜਾ ਸਾਲਾਨਾ ਧਾਰਮਿਕ ਸਮਾਗਮ ਅੱਜ ਆਰੰਭ ਹੋਣਗੇ। ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ’ਚ ਸਵੇਰੇ ਅੰਮਿ੍ਰਤ ਸੰਚਾਰ ਹੋਵੇਗਾ ਅਤੇ ਦੁਪਹਿਰ ਨੂੰ ਗੁਰਦੁਆਰਾ ਸਾਹਿਬ ਵਿਖੇ ਤੁਕ ਤੁਕ ਵਾਲੇ ਸੰਪਟ ਅਖੰਡ ਪਾਠ ਪ੍ਰਕਾਸ਼ ਹੋਣਗੇ। ਵਿਸ਼ਵ ਪ੍ਰਸਿੱਧ ਗੁੁਰਦੁੁਆਰਾ ਨਾਨਕਸਰ ਕਲੇਰਾਂ ਦੇ ਦੂਜੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਉਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਨਰਾਇਣ ਸਿੰਘ ਜੀ ਦੀ ਬਰਸੀ ਤੇ ਸਾਲਾਨਾ ਸਮਾਗਮਾਂ ਨੂੰ ਲੈ ਕੇ ਅੱਜ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਤਿਆਰੀਆਂ ਨੂੰ ਮੁਕੰਮਲ ਰੂਪ ਦਿੱਤਾ ਗਿਆ। ਸਾਲਾਨਾ ਸਮਾਗਮਾਂ ਸਬੰਧੀ ਅੱਜ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਪੁਰਸ਼ ਵੀ ਗੁਰਦੁਆਰਾ ਨਾਨਕਸਰ ਝੋਰੜਾਂ ਪੁੱਜੇ। ਜਿਨ੍ਹਾਂ ਸੰਤ ਬਾਬਾ ਘਾਲਾ ਸਿੰਘ ਨਾਲ ਧਾਰਮਿਕ ਵਿਚਾਰਾਂ ਕਰਦਿਆਂ ਸਾਲਾਨਾ ਸਮਾਗਮਾਂ ਨੂੰ ਲੈ ਕੇ ਗੱਲਬਾਤ ਕੀਤੀ। ਇਸ ਮੌਕੇ ਬਾਬਾ ਅਜੀਤ ਸਿੰਘ ਜੌਹਲਾਂ ਅਤੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਝੋਰੜਾਂ ਦੀ ਪਵਿੱਤਰ ਨਗਰੀ ਵਿਚ ਹਰ ਸਾਲ ਇਨ੍ਹਾਂ ਸਮਾਗਮਾਂ ਵਿਚ ਦੇਸ਼ ਦੁਨੀਆਂ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ। ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਦੇ ਉਦਮ ਸਦਕਾ ਵੱਡੇ ਵੱਡੇ ਪ੍ਰਬੰਧ ਹੋ ਰਹੇ ਹਨ, ਜੋ ਆਪਣੇ ਆਪ ਵਿਚ ਮਿਸਾਲ ਹਨ। ਉਨ੍ਹਾਂ ਵੱਲੋਂ ਨਿਭਾਈਆਂ ਜਾਂਦੀਆਂ ਧਾਰਮਿਕ ਸੇਵਾਵਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਹਮੇਸ਼ਾ ਸਫਲਤਾ ਵੱਲ ਵੱਧਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਜਸਵਿੰਦਰ ਸਿੰਘ ਬਿੰਦੀ ਅਤੇ ਭਾਈ ਗੇਜਾ ਸਿੰਘ ਨੇ ਦੱਸਿਆ ਕਿ ਸਲਾਨਾ 26 ਰੋਜ਼ਾ ਧਾਰਮਿਕ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 24, 25 ਅਤੇ 26 ਮਾਰਚ ਨੂੰ ਤਿੰਨ ਰੋਜ਼ਾ ਮੁੱਖ ਸਮਾਗਮਾਂ ਦਾ ਆਯੋਜਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ 20, 21, 22 ਅਤੇ 23 ਮਾਰਚ ਨੂੰ ਗੁਰਦੁਆਰਾ ਸਾਹਿਬ ਕੀਰਤਨ ਦਰਬਾਰ ਸਜੇਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਸੰਗਤਾਂ ਨੂੰ ਗੁਰੂ ਲੜ ਲਾਉਣਗੇ। ਚਾਰੇ ਦਿਨ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 25 ਮਾਰਚ ਰਾਤ ਨੂੰ ਸ੍ਰੀ ਸੱਚਖੰਡ ਸਾਹਿਬ ਵਿਖੇ ਪ੍ਰਕਾਸ਼ ਤੁਕ ਤੁਕ ਵਾਲੇ ਸੰਪਟ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਦਿਨ 25 ਦਿਨਾਂ ਤੋਂ ਸ੍ਰੀ ਤੁਕ ਤੁਕ ਵਾਲੇ ਸੰਪਟ ਅਖੰਡ ਪਾਠਾਂ ਦੀ ਸੇਵਾਵਾਂ ਨਿਭਾਅ ਰਹੇ ਪਾਠੀ ਸਿੰਘ ਦੀਵਾਨ ਹਾਲ ਵਿੱਚ ਪੁੱਜਣਗੇ। ਇਹ ਵਿਲੱਖਣ ਧਾਰਮਿਕ ਨਜ਼ਾਰਾ ਦੇਖਣ ਯੋਗ ਹੋਵੇਗਾ। 26 ਮਾਰਚ ਨੂੰ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਜਪੁੁਜੀ ਸਾਹਿਬ ਜੀ ਦੇ ਪਾਠਾਂ ਦੀ ਲੜੀਆਂ ਦੇ ਭੋਗ ਪਾਏ ਜਾਣਗੇ। ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਪਿੰਡ ਦੇ ਸਟੇਡੀਅਮ ’ਚ ਪੱਜੇਗਾ ਜਿੱਥੇ ਧਾਰਮਿਕ ਦੀਵਾਨ ਸਜਾਏ ਜਾਣਗੇ। ਇਨ੍ਹਾਂ ਦੀਵਾਨਾਂ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ, ਧਾਰਮਿਕ ਸ਼ਖਸੀਅਤਾਂ, ਸ੍ਰੀ ਤਖ਼ਤਾਂ ਦੇ ਜਥੇਦਾਰ ਅਤੇ ਹਸਤੀਆਂ ਸੰਗਤਾਂ ਨੂੰ ਸੰਬੋਧਨ ਕਰਨਗੇ।