ਸ਼ੱਕੀ ਹਾਲਾਤ ’ਚ 25 ਸਾਲਾ ਮਹਿਲਾ ਵਕੀਲ ਦੀ ਮੌਤ
ਸ਼ੱਕੀ ਹਾਲਾਤਾਂ ’ਚ 25 ਸਾਲਾ ਮਹਿਲਾ ਵਕੀਲ ਦੀ ਮੌਤ
Publish Date: Tue, 06 Jan 2026 11:28 PM (IST)
Updated Date: Wed, 07 Jan 2026 04:09 AM (IST)

ਸੁਸਾਈਡ ਨੋਟ ਮਿਲਣ ਦਾ ਦਾਅਵਾ, ਮਾਂ ਨੇ ਜਤਾਇਆ ਕਤਲ ਦਾ ਸ਼ੱਕ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਈਡਬਲਿਯੂਐੱਸ ਕਾਲੋਨੀ ’ਚ 25 ਸਾਲਾ ਮਹਿਲਾ ਵਕੀਲ ਦੀ ਸ਼ੱਕੀ ਹਾਲਾਤ ’ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਮਾਨਸਾ ਦੀ ਰਹਿਣ ਵਾਲੀ ਦਿਲਜੋਤ ਸ਼ਰਮਾ ਵਜੋਂ ਹੋਈ ਹੈ, ਜੋ ਇੱਥੇ ਆਪਣੀ ਸਹੇਲੀ ਨਾਲ ਕਿਰਾਏ ਦੇ ਮਕਾਨ ’ਚ ਰਹਿ ਰਹੀ ਸੀ। ਦਿਲਜੋਤ ਦੀ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਪਹਿਲਾਂ ਮੈਕਸ ਹਸਪਤਾਲ ਤੇ ਫਿਰ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਦੋਸਤ ਦਾ ਕਹਿਣਾ ਹੈ ਕਿ ਉਸ ਦੇ ਕਬਜ਼ੇ ’ਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਉਧਰ ਦੂਸਰੇ ਪਾਸੇ ਮ੍ਰਿਤਕਾ ਦੀ ਮਾਂ ਬੀਰਪਾਲ ਕੌਰ ਨੇ ਇਸ ਘਟਨਾ ਨੂੰ ਸਿੱਧਾ ਕਤਲ ਕਰਾਰ ਦਿੰਦਿਆਂ ਸੁਸਾਈਡ ਨੋਟ ਨੂੰ ਜਾਅਲੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਧੀ ਦੀ ਲਿਖਾਈ ਨਹੀਂ ਹੈ ਤੇ ਦਿਲਜੋਤ ਆਤਮ-ਹੱਤਿਆ ਨਹੀਂ ਕਰ ਸਕਦੀ। ਮਾਂ ਨੇ ਦਾਅਵਾ ਕੀਤਾ ਕਿ ਧੀ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਸੀ ਤੇ ਪੀਜੀਆਈ ਦੀਆਂ ਇਲਾਜ ਰਿਪੋਰਟਾਂ ਵੀ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਨੇ ਪੁਲਿਸ ਤੋਂ ਕਾਲ ਡਿਟੇਲ ਰਿਕਾਰਡ ਦੀ ਜਾਂਚ ਕਰ ਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੀ ਮਾਂ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਨੌਜਵਾਨ, ਜੋ ਪਹਿਲਾਂ ਦਿਲਜੋਤ ਨਾਲ ਰਹਿੰਦਾ ਸੀ, ਹੁਣ ਉਸ ਦੀ ਦੋਸਤ ਨਾਲ ਰਹਿ ਰਿਹਾ ਹੈ ਤੇ ਦੋਹਾਂ ਨੇ ਮਿਲ ਕੇ ਉਸ ਦੀ ਧੀ ਦੀ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ। ਔਰਤ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਤਕਰੀਬਨ ਡੇਢ ਸਾਲ ਪਹਿਲਾਂ ਮਾਨਸਾ ਤੋਂ ਲੁਧਿਆਣਾ ਆ ਕੇ ਲੇਬਰ ਕੋਰਟ ਦੇ ਕੇਸ ਲੜ ਰਹੇ ਸੀ। ਉਹ ਮਜ਼ਦੂਰਾਂ ਦੇ ਹੱਕ ’ਚ ਕੰਮ ਕਰਦੀ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਨੌਜਵਾਨ ਦੇ ਨਾਲ ਹੋਈ ਜੋ ਯੂਨੀਅਨ ਦਾ ਪ੍ਰਧਾਨ ਵੀ ਹੈ। ਔਰਤ ਨੇ ਸਿੱਧੇ ਤੌਰ ’ਤੇ ਦੋਸ਼ ਲਾਏ ਕਿ ਉਸ ਦੀ ਬੇਟੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਉਧਰ ਇਸ ਮਾਮਲੇ ’ਚ ਮ੍ਰਿਤਕਾ ਨਾਲ ਰਹਿ ਰਹੀ ਉਸ ਦੀ ਸਹੇਲੀ ਨੇ ਦੱਸਿਆ ਕਿ ਦਿਲਜੋਤ ਕਾਫ਼ੀ ਸਮੇਂ ਤੋਂ ਬਿਮਾਰ ਸੀ ਤੇ ਉਸ ਨੂੰ ਡਾਈਜੈਸਟਿਵ ਸਿਸਟਮ ਨਾਲ ਸਬੰਧਤ ਸਮੱਸਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਦਿਲਜੋਤ ਦੀ ਸਹੇਲੀ ਦਾ ਕਹਿਣਾ ਹੈ ਕਿ ਦਿਲਜੋਤ ਨੇ ਪ੍ਰੇਸ਼ਾਨੀ ’ਚ ਆ ਕੇ ਫਾਹਾ ਲਾ ਲਿਆ। ਉਸ ਦੇ ਮੁਤਾਬਕ ਅਲਮਾਰੀ ’ਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਚ ਦਿਲਜੋਤ ਨੇ ਲਿਖਿਆ ਸੀ ਕਿ ਉਹ ਮਾਨਸਿਕ ਤੇ ਸਰੀਰਕ ਤੌਰ ’ਤੇ ਬਹੁਤ ਤੰਗ ਆ ਚੁੱਕੀ ਹੈ ਤੇ ਪਰਿਵਾਰਕ ਦਬਾਅ ਵੀ ਉਸ ਨੂੰ ਤਣਾਅ ਦਿੰਦਾ ਸੀ। ਨੋਟ ’ਚ ਇਹ ਵੀ ਲਿਖਿਆ ਗਿਆ ਹੈ ਕਿ ਉਸ ਨਾਲ ਰਹਿ ਰਹੇ ਕਿਸੇ ਵਿਅਕਤੀ ਨੂੰ ਤੰਗ ਨਾ ਕੀਤਾ ਜਾਵੇ, ਕਿਉਂਕਿ ਸਭ ਉਸ ਦਾ ਧਿਆਨ ਰੱਖਦੇ ਸਨ। ਥਾਣਾ ਡਵੀਜ਼ਨ-7 ਦੇ ਐੱਸਐੱਚਓ ਗਗਨਦੀਪ ਸਿੰਘ ਨੇ ਕਿਹਾ ਕਿ ਮਾਮਲਾ ਫਿਲਹਾਲ ਸ਼ੱਕੀ ਜਾਪ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨ ਸਪੱਸ਼ਟ ਹੋ ਸਕਣਗੇ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।