ਦਰਦਨਾਕ ਹਾਦਸੇ ’ਚ 20 ਸਾਲਾ ਨੌਜਵਾਨ ਦੀ ਮੌਤ
ਦਰਦਨਾਕ ਹਾਦਸੇ ਦੇ ਦੌਰਾਨ 20 ਵਰ੍ਹਿਆਂ ਦੇ ਨੌਜਵਾਨ ਦੀ ਮੌਤ
Publish Date: Tue, 24 Feb 2026 06:47 PM (IST)
Updated Date: Tue, 24 Feb 2026 06:49 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਡੀਮਾਰਟ ਸਾਹਮਣੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ 20 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਰਾਹਗੀਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਵੈਗਨਾਰ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ ਹੈ। ਇਸ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮ੍ਰਿਤਕ ਹਰਸ਼ ਦੇ ਭਰਾ ਰਜਤ ਸਿੰਘ ਦੀ ਸ਼ਿਕਾਇਤ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਜਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸਦਾ ਭਰਾ ਮੋਟਰਸਾਈਕਲ ’ਤੇ ਕਿਸੇ ਕੰਮ ਲਈ ਦੁਰਾਹਾ ਵੱਲ ਜਾ ਰਿਹਾ ਸੀ। ਉਹ ਜਿਵੇਂ ਹੀ ਨਹਿਰ ਤੋਂ ਹੁੰਦਾ ਹੋਇਆ ਡੀਮਾਰਟ ਦੇ ਲਾਗੇ ਪਹੁੰਚਿਆ ਤਾਂ ਇੱਕ ਵਿਅਕਤੀ ਵੈਗਨਾਰ ਕਾਰ ਨੂੰ ਬੜੀ ਹੀ ਲਾਪਰਵਾਹੀ ਨਾਲ ਚਲਾ ਰਿਹਾ ਸੀ। ਕਾਰ ਚਾਲਕ ਨੇ ਲਾਪਰਵਾਹੀ ਦੇ ਚੱਲਦਿਆਂ ਉਸਦੇ ਭਰਾ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਹਾਦਸਾ ਇਸ ਕਦਰ ਭਿਆਨਕ ਸੀ ਕਿ ਹਰਸ਼ ਗੰਭੀਰ ਰੂਪ ’ਚ ਫੱਟੜ ਹੋ ਗਿਆ ਜਿਸ ਨੂੰ ਇਲਾਜ ਲਈ ਸਿੱਧੂ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ੇਰੇ ਇਲਾਜ ਹਰਸ਼ ਨੇ ਦਮ ਤੋੜ ਦਿੱਤਾ। ਉਧਰ, ਇਸ ਮਾਮਲੇ ’ਚ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਰਿਆਣਾ ਨੰਬਰ ਦੀ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।