ਵਿਦੇਸ਼ ਭੇਜਣ ਦੇ ਨਾਂ ’ਤੇ 20 ਲੱਖ ਠੱਗੇ, ਇਮੀਗ੍ਰੇਸ਼ਨ ਏਜੰਟ ਔਰਤ ’ਤੇ ਦੂਜੇ ਏਜੰਟ ਨੇ ਲਾਏ ਗੰਭੀਰ ਦੋਸ਼
ਵਿਦੇਸ਼ ਭੇਜਣ ਦੇ ਨਾਂ ’ਤੇ 20 ਲੱਖ ਦੀ ਠੱਗੀ, ਇਮੀਗ੍ਰੇਸ਼ਨ ਏਜੰਟ ਔਰਤ ’ਤੇ ਦੂਜੇ ਏਜੰਟ ਨੇ ਲਗਾਏ ਗੰਭੀਰ ਦੋਸ਼
Publish Date: Sat, 14 Mar 2026 08:42 PM (IST)
Updated Date: Sun, 15 Mar 2026 04:16 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਵਾਰ ਇੱਕ ਮਹਿਲਾ ਇਮੀਗ੍ਰੇਸ਼ਨ ਏਜੰਟ ’ਤੇ ਹੀ ਦੂਜੇ ਏਜੰਟ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਲੱਗੇ ਹਨ। ਸ੍ਰੀ ਗੰਗਾ ਨਗਰ ਦੀ ਵਿਨੋਬਾ ਬਸਤੀ ਦੇ ਰਹਿਣ ਵਾਲੇ ਸ਼ੋਨਿਕ ਕੁੱਕਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੁਦ ਵੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਕੰਮ ਦੇ ਸਿਲਸਿਲੇ ਵਿੱਚ ਉਸ ਦਾ ਸੰਪਰਕ ਲੁਧਿਆਣਾ ਦੀ ਆਰਕੇ ਟ੍ਰੈਵਲਰਜ਼ ਐਂਡ ਇਮੀਗ੍ਰੇਸ਼ਨ ਦੀ ਸੰਚਾਲਿਕਾ ਗੁਰਵਿੰਦਰ ਕੌਰ ਉਰਫ ਗਗਨ ਸਰਾਂ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਦਫ਼ਤਰ ਪੱਖੋਵਾਲ ਰੋਡ ’ਤੇ ਹੈ ਅਤੇ ਮਲਹਾਰ ਰੋਡ ਸਥਿਤ ਹੋਟਲ ਬਲਾਸੇ ਨਾਲ ਵੀ ਸੰਬੰਧਿਤ ਹੈ। ਸ਼ਿਕਾਇਤਕਰਤਾ ਮੁਤਾਬਕ ਦੋਹਾਂ ਵਿਚਕਾਰ ਤਿੰਨ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਲਈ ਸੌਦਾ ਤੈਅ ਹੋਇਆ ਸੀ। ਇਨ੍ਹਾਂ ਵਿੱਚੋਂ ਦੋ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਅਤੇ ਇੱਕ ਨੂੰ ਸਿੰਗਾਪੁਰ ਭੇਜਣਾ ਸੀ। ਭਰੋਸਾ ਕਰਦੇ ਹੋਏ ਉਸ ਨੇ ਗੁਰਵਿੰਦਰ ਕੌਰ ਨੂੰ ਕੁੱਲ 20 ਲੱਖ ਰੁਪਏ ਦੇ ਦਿੱਤੇ। ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਮਹਿਲਾ ਨੇ ਵਿਦਿਆਰਥੀਆਂ ਦੀਆਂ ਫਾਈਲਾਂ ਦੀ ਕਾਰਵਾਈ ਅੱਗੇ ਵਧਾਉਣ ਦੀ ਬਜਾਏ ਟਾਲਮਟੋਲ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਦਿੱਤੀ ਗਈ ਰਕਮ ਵਾਪਸ ਕੀਤੀ ਗਈ। ਜਦੋਂ ਸ਼ਿਕਾਇਤਕਰਤਾ ਨੇ ਵਾਰ-ਵਾਰ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਪੀੜਤ ਨੇ ਨਵੰਬਰ 2025 ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ ਗੁਰਵਿੰਦਰ ਕੌਰ ਉਰਫ ਗਗਨ ਸਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਦੋਸ਼ੀ ਮਹਿਲਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।