ਅੱਗ ਲੱਗਣ ਨਾਲ 20 ਕਿੱਲੇ ਕਣਕ ਸੜ ਕੇ ਹੋਈ ਸੁਆਹ
ਬੱਗਾ ਕਲਾਂ 'ਚ ਕਣਕ ਨੂੰ ਲੱਗੀ ਅੱਗ ਕਾਰਨ 20 ਕਿੱਲੇ ਸੜਕੇ ਹੋਏ ਸੁਆਹ
Publish Date: Wed, 22 Apr 2026 09:24 PM (IST)
Updated Date: Thu, 23 Apr 2026 04:11 AM (IST)
ਸੁਖਦੇਵ ਸਲੇਮਪਰੀ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਨੇੜਲੇ ਪਿੰਡ ਬੱਗਾ ਕਲਾਂ ਵਿਖੇ ਕਿਸਾਨਾਂ ਦੀ ਕਣਕ ਦੀ ਫ਼ਸਲ ’ਤੇ ਕੁਦਰਤ ਦਾ ਕਹਿਰ ਅਜਿਹਾ ਵਰਤਿਆ ਕਿ ਅੱਗ ਲੱਗਣ ਨਾਲ ਕਰੀਬ 20 ਕਿਲੇ ਖੜੀ ਕਣਕ ਸੜ ਕੇ ਸੁਆਹ ਹੋ ਗਈ। ਇਸ ਮੌਕੇ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕੋਲ ਖਾਣ ਜੋਗੀ ਕਣਕ ਵੀ ਨਹੀਂ ਬਚੀ। ਪਿੰਡ ਬੱਗਾ ਕਲਾਂ ਦੇ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਸਾਢੇ ਚਾਰ ਕਿੱਲੇ ਦਾ ਇਕ ਟੱਕ, ਅੱਠ ਕਿੱਲੇ ਭਤੀਜੇ ਨਰਿੰਦਰ ਸਿੰਘ ਅਤੇ 8 ਕਿੱਲੇ ਊਨਾ ਸ਼ਿਵ ਮੰਦਿਰ ਦੇ ਨੇੜੇ ਠੇਕੇ ’ਤੇ ਲਈ ਹੋਈ ਸੀ, ਉਸ ਵਿੱਚੋਂ ਸਾਢੇ ਤਿੰਨ ਕਿੱਲੇ, ਜਿਸ ਵਿੱਚ ਕਣਕ ਬੀਜੀ ਹੋਈ ਸੀ, ਕਣਕ ਦਾ ਝਾੜ ਵੀ ਪਿਛਲੇ ਸਾਲ ਦੇ ਮੁਕਾਬਲੇ ਚੰਗਾ ਨਿਕਲਣ ਦੀ ਆਸ ਸੀ ਅਤੇ ਅੱਜ ਸ਼ਾਮ ਨੂੰ ਹੀ ਕਣਕ ਦੀ ਕਟਾਈ ਲਈ ਕੰਬਾਈਨ ਲੱਗਣੀ ਸੀ ਜਿਸ ਲਈ ਉਨ੍ਹਾਂ ਆਪਣੇ ਟਰੈਕਟਰ ਟਰਾਲੀਆਂ ਵੀ ਤਿਆਰ ਕੀਤੇ ਸਨ l ਉਨ੍ਹਾਂ ਦੱਸਿਆ ਕਿ ਅੱਜ ਬਿਜਲੀ ਵਿਭਾਗ ਨੇ 24 ਘੰਟੇ ਵਾਲੀ ਲਾਈਟ ਛੱਡੀ ਹੋਈ ਸੀ, ਦੂਜੇ ਪਾਸੇ ਉਨ੍ਹਾਂ ਦੇ ਗੁਆਂਢੀ ਦੇ ਖੇਤਾਂ ’ਚ ਕੰਬਾਈਨ ਚੱਲ ਰਹੀ ਸੀ, ਜਿਸ ਦਾ ਉਪਰਲਾ ਹਿੱਸਾ ਬਿਜਲੀ ਦੀ ਤਾਰ ਨਾਲ ਖਹਿਣ ਕਰਕੇ ਤਾਰਾਂ ਵਿੱਚੋਂ ਕੋਈ ਚੰਗਿਆੜਾ ਡਿੱਗ ਗਿਆ, ਜਿਸ ਨਾਲ ਦੇਖਦਿਆਂ ਦੇਖਦਿਆਂ ਕਣਕ ਪੱਕੀ ਅਤੇ ਸੁੱਕੀ ਹੋਣ ਕਰਕੇ ਚਾਰ ਚੁਫੇਰਿਓਂ ਅੱਗ ਦੀ ਲਪੇਟ ਵਿੱਚ ਆ ਗਈ ਤੇ ਚਾਰੇ ਪਾਸੇ ਅੱਗ ਦੀਆਂ ਲਾਟਾਂ ਤੇ ਧੂੰਆਂ ਹੀ ਧੂੰਆਂ ਦਿਖਾਈ ਦੇਣ ਲੱਗਾ। ਜਿਸ ਨਾਲ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਕੀਤੀ ਹੋਈ ਦਿਨ ਰਾਤ ਦੀ ਮਿਹਨਤ ਉਪਰ ਪਾਣੀ ਫਿਰ ਗਿਆ,ਹਾਲਾਂ ਕਿ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਹਵਾ ਤੇਜ ਹੋਣ ਕਰਕੇ ਅੱਗ ਇੰਨੀ ਤੇਜ਼ ਹੋ ਚੁੱਕੀ ਸੀ ਕਿ ਲੋਕਾਂ ਦੀ ਅੱਗ ਦੇ ਸਾਹਮਣੇ ਵਾਹ ਹੀ ਨਹੀਂ ਚੱਲ ਸਕੀ। ਜਦ ਕਿ ਮਿਹਨਤ ਕਰਕੇ ਪੁੱਤਾਂ ਵਾਂਗੂ ਪਾਲੀ ਫਸਲ ਮਿੰਟਾਂ ਸਕਿੰਟਾਂ ਵਿਚ ਸੜ ਕੇ ਸੁਆਹ ਹੋ ਗਈ, ਕੁਝ ਖੇਤਾਂ ਦੇ ਨਾੜ ਨੂੰ ਵੀ ਅੱਗ ਲੱਗ ਗਈ।
ਇਸ ਮੌਕੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਸਾਡੀ ਪੱਕੀ ਕਣਕ ਨੂੰ ਅਚਾਨਕ ਲੱਗੀ ਅੱਗ ਨਾਲ ਹੋਏ ਨੁਕਸਾਨ ਦੀ ਭਰਭਾਈ ਕਰਨ ਲਈ ਗਰਦਾਵਰੀ ਕਰਾ ਕੇ ਬਣਦਾ ਅਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਮੁੜ ਪੈਰਾਂ ’ਤੇ ਖੜ੍ਹੇ ਹੋ ਸਕਣ। ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਦੇ ਕਰਜਿਆਂ ਹੇਠ ਦੱਬਿਆ ਹੋਇਆ ਹੈ, ਫਿਰ ਅਜਿਹੀ ਮਾਰ ਕਿੱਥੋਂ ਝੱਲ ਸਕੇਗਾ।