17 ਸਾਲਾ ਲੜਕੀ ਲਾਪਤਾ, ਨੌਜਵਾਨ ਖ਼ਿਲਾਫ਼ ਕੇਸ ਦਰਜ
17 ਸਾਲਾ ਲੜਕੀ ਲਾਪਤਾ, ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ’ਚ ਨੌਜਵਾਨ ਖ਼ਿਲਾਫ਼ ਕੇਸ ਦਰਜ
Publish Date: Sat, 21 Mar 2026 08:23 PM (IST)
Updated Date: Sun, 22 Mar 2026 04:16 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸਾਹਨੇਵਾਲ ਇਲਾਕੇ ’ਚ ਇੱਕ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਇੱਕ ਨੌਜਵਾਨ ’ਤੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਵਰਗਲਾ ਕੇ ਭਜਾਉਣ ਦੇ ਗੰਭੀਰ ਦੋਸ਼ ਲਾਏ ਹਨ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਦੀ 17 ਸਾਲਾ ਧੀ 18 ਮਾਰਚ ਨੂੰ ਪ੍ਰਾਈਵੇਟ ਸਕੂਲ ਵਿੱਚ ਕੰਪਿਊਟਰ ਦਾ ਆਖਰੀ ਪੇਪਰ ਦੇਣ ਲਈ ਘਰੋਂ ਗਈ ਸੀ,ਪਰ ਦੇਰ ਸ਼ਾਮ ਤੱਕ ਵਾਪਸ ਘਰ ਨਹੀਂ ਆਈ। ਕਾਫੀ ਸਮੇਂ ਤੱਕ ਉਡੀਕ ਕਰਨ ਤੋਂ ਬਾਅਦ ਪਰਿਵਾਰ ਨੇ ਆਪਣੇ ਪੱਧਰ ’ਤੇ ਉਸ ਦੀ ਤਲਾਸ਼ ਸ਼ੁਰੂ ਕੀਤੀ, ਪਰ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ। ਜਾਂਚ ਦੌਰਾਨ ਪਰਿਵਾਰ ਨੂੰ ਪਤਾ ਲੱਗਿਆ ਕਿ ਕੋਟਕਪੂਰਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਲੜਕਾ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਇਸ ਸੂਚਨਾ ਤੋਂ ਬਾਅਦ ਪਰਿਵਾਰ ਵੱਲੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਖ਼ਿਲਾਫ਼ ਅਗਵਾ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਚਾਂਦ ਅਹੀਰ ਨੇ ਦੱਸਿਆ ਕਿ ਲੜਕੀ ਦੀ ਭਾਲ ਲਈ ਪੁਲਿਸ ਦੀ ਇੱਕ ਟੀਮ ਦੋਸ਼ੀ ਦੇ ਪਿੰਡ ਭੇਜੀ ਜਾਵੇਗੀ ਤੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।