ਹਰ ਖੇਤਰ ’ਚ ਮੋਹਰੀ ਧੀਆਂ ਪਰਿਵਾਰ ਦੀ ਸ਼ਾਨ ਤੇ ਸਮਾਜ ਦਾ ਮਾਣ : ਬੈਂਸ
ਨਵਜੰਮੀਆਂ ਧੀਆਂ ਦੀ 15ਵੀਂ ਲੋਹੜੀ ਬੜੇ ਹੀ ਉਤਸ਼ਾਹ, ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ
Publish Date: Tue, 13 Jan 2026 07:40 PM (IST)
Updated Date: Wed, 14 Jan 2026 04:12 AM (IST)

ਨਵਜੰਮੀਆਂ ਧੀਆਂ ਦੀ 15ਵੀਂ ਲੋਹੜੀ ਬੜੇ ਹੀ ਉਤਸ਼ਾਹ, ਸ਼ਰਧਾ ਤੇ ਧੂਮਧਾਮ ਨਾਲ ਮਨਾਈ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਸਮਾਜ-ਸੇਵੀ ਸੰਸਥਾ ਅੰਨ ਜਲ ਸੇਵਾ ਟਰੱਸਟ ਵੱਲੋਂ ਸੰਸਥਾ ਦੇ ਪ੍ਰਧਾਨ ਰਿਸ਼ੀ ਸਰੋਏ ਦੀ ਅਗਵਾਈ ਹੇਠ ਨਵ-ਜੰਮੀਆਂ ਧੀਆਂ ਦੀ 15ਵੀਂ ਲੋਹੜੀ ਬੜੇ ਹੀ ਉਤਸ਼ਾਹ, ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰ ਕੇ ਨਵ-ਜੰਮੀਆਂ ਧੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਬੈਂਸ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਦੀ ਧੀ ਕਿਸੇ ਵੀ ਖੇਤਰ ’ਚ ਮੁੰਡਿਆਂ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਧੀਆਂ ਪਰਿਵਾਰ ਦੀ ਸ਼ਾਨ ਤੇ ਸਮਾਜ ਦਾ ਮਾਣ ਹਨ। ਪੜ੍ਹਾਈ, ਖੇਡਾਂ, ਸੇਵਾ, ਪ੍ਰਸ਼ਾਸਨ ਜਾਂ ਰਾਜਨੀਤੀ ਹਰ ਖੇਤਰ ’ਚ ਧੀਆਂ ਨੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਪੁੱਤਰਾਂ ਵਾਂਗ ਪਿਆਰ, ਸਤਿਕਾਰ ਤੇ ਬਰਾਬਰ ਦੇ ਮੌਕੇ ਦਿੱਤੇ ਜਾਣ। ਸੰਸਥਾ ਦੇ ਪ੍ਰਧਾਨ ਰਿਸ਼ੀ ਸਰੋਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵ-ਜੰਮੀਆਂ ਧੀਆਂ ਦੀ ਲੋਹੜੀ ਦਾ ਆਗਾਜ਼ 10 ਜਨਵਰੀ ਤੋਂ ਕੀਤਾ ਗਿਆ ਹੈ, ਜੋ ਇੱਕ ਹਫ਼ਤੇ ਤੱਕ ਲੋਹੜੀ ਦੇ ਦਿਨਾਂ ਦੌਰਾਨ ਜਾਰੀ ਰਹੇਗਾ। ਇਸ ਸਮੇਂ ਦੌਰਾਨ ਜਿੰਨੀ ਵੀ ਧੀਆਂ ਦਾ ਜਨਮ ਸਿਵਲ ਹਸਪਤਾਲ ਲੁਧਿਆਣਾ ’ਚ ਹੋਵੇਗਾ, ਉਨ੍ਹਾਂ ਸਭ ਨੂੰ ਸੰਸਥਾ ਵੱਲੋਂ ਮਾਣ-ਸਨਮਾਨ ਦੇ ਤੌਰ ’ਤੇ ਇੱਕ-ਇੱਕ ਦੇਸੀ ਘੀ ਦੀ ਪੰਜੀਰੀ ਦਾ ਡੱਬਾ, ਇੱਕ ਕੰਬਲ, ਇੱਕ ਸੂਟ, ਦੋ ਜੋੜੇ ਜੁਰਾਬਾਂ, ਇੱਕ ਜਰਸੀ ਤੇ ਸਟੀਲ ਦਾ ਡੱਬਾ ਭੇਟ ਕੀਤਾ ਜਾਵੇਗਾ। ਟਰੱਸਟ ਦੇ ਮੈਂਬਰਾਂ ਨੇ ਅੱਗੇ ਦੱਸਿਆ ਕਿ ਅੰਨ ਜਲ ਸੇਵਾ ਟਰੱਸਟ ਪਿਛਲੇ 17 ਸਾਲਾਂ ਤੋਂ ਸਿਵਲ ਹਸਪਤਾਲ ਲੁਧਿਆਣਾ ’ਚ ਦਾਖ਼ਲ ਗਰੀਬ ਤੇ ਲਾਚਾਰ ਮਰੀਜ਼ਾਂ ਨੂੰ ਮੁਫ਼ਤ, ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਰਹੀ ਹੈ। ਧੀਆਂ ਦੀ ਲੋਹੜੀ ਮਨਾਉਣਾ ਸੰਸਥਾ ਦੀ ਇੱਕ ਅਹਿਮ ਸਮਾਜਿਕ ਮੁਹਿੰਮ ਹੈ, ਜਿਸ ਦਾ ਮਕਸਦ ਸਮਾਜ ’ਚ ਧੀਆਂ ਪ੍ਰਤੀ ਸਾਕਾਰਾਤਮਕ ਸੋਚ ਪੈਦਾ ਕਰਨਾ ਹੈ। ਸਮਾਗਮ ਦੌਰਾਨ ਨਵ-ਜੰਮੀਆਂ ਬੱਚੀਆਂ ਤੇ ਜਣੇਪੇ ਵਾਲੀਆਂ ਮਾਤਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਸਮੇਤ ਟਰੱਸਟ ਵੱਲੋਂ ਰਾਜੀਵ ਸਰੋਏ, ਹਰਜੀਤ ਸਿੰਘ ਨੰਦਾ, ਇੰਦਰ ਮੋਹਨ ਸਿੰਘ, ਅਸ਼ੋਕ ਸੂਦ, ਰਾਜਕੁਮਾਰ ਗਰਗ, ਰਿਸ਼ੀ ਗਰਗ, ਨਵੀਨ ਕੁਮਾਰ, ਸੰਨੀ (ਸੁਪਰਟੇਂਡੈਂਟ), ਨੀਲਮ (ਫਾਰਮਾਸਿਸਟ) ਤੇ ਦਰਸ਼ਨ ਸਿੰਗਲਾ ਸਮੇਤ ਟਰੱਸਟ ਦੇ ਹੋਰ ਮੈਂਬਰ ਵੀ ਮੌਜੂਦ ਰਹੇ।