ਨਿਵੇਸ਼ ਦੇ ਨਾਂ ’ਤੇ 1.50 ਕਰੋੜ ਦੀ ਠੱਗੀ
ਨਿਵੇਸ਼ ਦੇ ਨਾਮ ’ਤੇ 1.50 ਕਰੋੜ ਦੀ ਠੱਗੀ, ਗੇਮ ਜ਼ੋਨ ਪ੍ਰੋਜੈਕਟ ਦਾ ਲਾਲਚ ਦੇ ਕੇ ਰੈਸਟੋਰੈਂਟ ਮਾਲਕ ਨਾਲ ਕੀਤੀ ਧੋਖਾਧੜੀ
Publish Date: Wed, 08 Apr 2026 10:38 PM (IST)
Updated Date: Thu, 09 Apr 2026 04:12 AM (IST)

* ਗੇਮ ਜ਼ੋਨ ਪ੍ਰੋਜੈਕਟ ਦਾ ਲਾਲਚ ਦੇ ਕੇ ਰੈਸਟੋਰੈਂਟ ਮਾਲਕ ਨਾਲ ਕੀਤੀ ਧੋਖਾਧੜੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਇਆਲੀ ਕਲਾਂ ਇਲਾਕੇ ਵਿੱਚ ਨਿਵੇਸ਼ ’ਤੇ ਵੱਡੇ ਮੁਨਾਫੇ ਦਾ ਲਾਲਚ ਦੇ ਕੇ ਇੱਕ ਰੈਸਟੋਰੈਂਟ ਮਾਲਕ ਨਾਲ ਕਰੀਬ 1.50 ਕਰੋੜ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅਭਿਨਵ ਸੂਦ ਨੇ ਦੱਸਿਆ ਕਿ ਉਹ ਰੈਸਟੋਰੈਂਟ ਦਾ ਕਾਰੋਬਾਰ ਕਰਦਾ ਹੈ। ਸ਼ਿਕਾਇਤ ਕਰਤਾ ਦੇ ਮੁਤਾਬਕ ਬੀਤੇ ਦਿਨੀਂ ਨਿਖਿਲ ਸਿਆਲ ਨਾਂ ਦੇ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਗੇਮ ਜ਼ੋਨ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ। ਮੁਲਜ਼ਮ ਨੇ ਸਾਊਥ ਸਿਟੀ ਦੇ ਵਿਊ ਟਾਵਰ ਵਿੱਚ ਗੇਮ ਜ਼ੋਨ ਖੋਲ੍ਹਣ ਅਤੇ ਉਸ ਤੋਂ ਭਾਰੀ ਕਮਾਈ ਹੋਣ ਦਾ ਭਰੋਸਾ ਦਿਵਾਇਆ। ਉਸ ਦੀਆਂ ਗੱਲਾਂ ਵਿੱਚ ਆ ਕੇ ਪੀੜਤ ਨੇ ਉਸ ਨੂੰ ਕਰੀਬ 1.50 ਕਰੋੜ ਰੁਪਏ ਦੇ ਦਿੱਤੇ। ਸ਼ਿਕਾਇਤ ਮੁਤਾਬਕ ਮੁਲਜ਼ਮ ਨੇ ਗੇਮ ਜ਼ੋਨ ਲਈ ਬਿਲਡਿੰਗ ਦੀਆਂ ਦੋ ਮੰਜ਼ਿਲਾਂ ਕਿਰਾਏ ’ਤੇ ਲੈ ਲਈਆਂ, ਪਰ ਬੀਤੇ 4 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਿਰਾਇਆ ਅਦਾ ਕੀਤਾ ਗਿਆ ਅਤੇ ਨਾ ਹੀ ਪੀੜਤ ਨੂੰ ਕਿਸੇ ਤਰ੍ਹਾਂ ਦਾ ਮੁਨਾਫਾ ਦਿੱਤਾ ਗਿਆ। ਜਦੋਂ ਪੀੜਤ ਨੇ ਆਪਣੀ ਰਕਮ ਅਤੇ ਹਿੱਸੇ ਦੀ ਮੰਗ ਕੀਤੀ ਤਾਂ ਮੁਲਜ਼ਮ ਲਗਾਤਾਰ ਟਾਲਮਟੋਲ ਕਰਦਾ ਰਿਹਾ ਅਤੇ ਆਖਿਰਕਾਰ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਨੇ ਥਾਣਾ ਪੀਏਯੂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਧੋਖਾਧੜੀ ਦੇ ਦੋਸ਼ ਸਹੀ ਪਾਏ ਜਾਣ ’ਤੇ ਗੁਰੂ ਗ੍ਰਾਮ ਦੇ ਰਹਿਣ ਵਾਲੇ ਨਿਖਿਲ ਸਿਆਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਮੁਤਾਬਕ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲੈਣ-ਦੇਣ, ਐਗਰੀਮੈਂਟ ਅਤੇ ਕਿਰਾਏ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਤੱਥਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।