ਥਾਣਾ ਦੁੱਗਰੀ ਦੇ ਅਧੀਨ ਆਉਂਦੇ ਪਿੰਡ ਸੁਨੇਤ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ 12 ਸਾਲਾ ਕਿਸ਼ੋਰੀ ਨੇ ਸ਼ੱਕੀ ਹਾਲਾਤਾਂ ਵਿੱਚ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕਾ ਦੀ ਛੋਟੀ ਭੈਣ ਨੇ ਉਸ ਨੂੰ ਪੱਖੇ ਨਾਲ ਕੱਪੜੇ ਦੇ ਸਹਾਰੇ ਲਟਕਦੀ ਦੇਖਿਆ। ਬੱਚੀ ਦੇ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਕਿਸ਼ੋਰੀ ਨੂੰ ਹੇਠਾਂ ਉਤਾਰ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦਿਸ਼ੂ ਦੇ ਪਿਤਾ ਸੂਰਜ ਵਰਮਾ ਨੇ ਦੱਸਿਆ ਕਿ ਉਹ ਸਮੋਸਿਆਂ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਦੋ ਬੇਟੀਆਂ ਅਤੇ ਇੱਕ ਬੇਟਾ ਹੈ, ਜਿਨ੍ਹਾਂ ਵਿੱਚੋਂ ਦਿਸ਼ੂ ਦੂਜੇ ਨੰਬਰ 'ਤੇ ਸੀ। ਦਿਸ਼ੂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ।
ਪਿਤਾ ਦੇ ਅਨੁਸਾਰ, ਉਹ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਦੇ ਸਕੂਲ ਤੋਂ ਆਉਣ ਤੋਂ ਬਾਅਦ ਪਰਿਵਾਰ ਨਾਲ ਖਾਣਾ ਖਾ ਕੇ ਆਪਣੇ ਬੇਟੇ ਨਾਲ ਕੰਮ 'ਤੇ ਚਲੇ ਗਏ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦੀ ਪਤਨੀ ਵੀ ਰੇਹੜੀ 'ਤੇ ਪਹੁੰਚ ਗਈ ਸੀ। ਘਰ ਵਿੱਚ ਪਿੱਛੋਂ ਉਨ੍ਹਾਂ ਦੀ ਬੇਟੀ ਦਿਸ਼ੂ ਅਤੇ ਛੋਟੀ ਬੇਟੀ ਮੌਜੂਦ ਸਨ। ਇਸੇ ਦੌਰਾਨ ਦਿਸ਼ੂ ਨੇ ਆਪਣੇ ਕਮਰੇ ਵਿੱਚ ਪੱਖੇ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਲਿਆ।
ਪੜ੍ਹਾਈ ’ਚ ਸੀ ਹੁਸ਼ਿਆਰ, ਪ੍ਰਾਈਵੇਟ ਸਕੂਲ ’ਚ ਪੜ੍ਹਨ ਦੀ ਜਤਾਈ ਸੀ ਇੱਛਾ
ਹਸਪਤਾਲ ਵਿੱਚ ਮੌਜੂਦ ਪਿਤਾ ਸੂਰਜ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਸ਼ੁੱਕਰਵਾਰ ਨੂੰ ਸਕੂਲ ਤੋਂ ਪਰਤਦੇ ਸਮੇਂ ਉਸ ਨੇ ਪਿਤਾ ਕੋਲ ਸਰਾਭਾ ਨਗਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ ਸੀ। ਆਰਥਿਕ ਤੰਗੀ ਕਾਰਨ ਪਿਤਾ ਨੇ ਉਸ ਕੋਲੋਂ ਕੁਝ ਸਮੇਂ ਦੀ ਮੋਹਲਤ ਮੰਗੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚ ਇਕੱਠੇ ਬੈਠ ਕੇ ਖਾਣਾ ਵੀ ਖਾਧਾ। ਇਸ ਮਾਮਲੇ ਦੀ ਸੂਚਨਾ ਥਾਣਾ ਦੁੱਗਰੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਐਸ.ਬੀ.ਐਸ. ਨਗਰ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।