2024 ਬੈਚ ਦੇ 10 ਆਈਏਐੱਸ ਅਧਿਕਾਰੀਆਂ ਨੇ ਕੀਤਾ ਪੀਏਯੂ ਦੇ ਸੰਚਾਰ ਕੇਂਦਰ ਦਾ ਦੌਰਾ
2024 ਬੈਚ ਦੇ 10 ਆਈਏਐੱਸ ਅਧਿਕਾਰੀਆਂ ਨੇ ਕੀਤਾ ਪੀਏਯੂ ਦੇ ਸੰਚਾਰ ਕੇਂਦਰ ਦਾ ਦੌਰਾ
Publish Date: Tue, 07 Apr 2026 06:08 PM (IST)
Updated Date: Tue, 07 Apr 2026 06:11 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ 2024 ਬੈਚ ਦੇ 10 ਆਈਏਐੱਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਪੀਏਯੂ ਦੀਆਂ ਪਸਾਰ ਅਤੇ ਸੰਚਾਰ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੰਚਾਰ ਕੇਂਦਰ ਦਾ ਦੌਰਾ ਕੀਤਾ, 10 ਅਧਿਕਾਰੀਆਂ ਵਿਚੋਂ 6 ਔਰਤਾਂ ਅਤੇ 4 ਮਰਦ ਅਧਿਕਾਰੀਆਂ ਨੇ ਆਪਣੀ ਸਿਖਲਾਈ ਤਹਿਤ ਪੰਜਾਬ ਦਰਸ਼ਨ ਮੁਹਿੰਮ ਦੇ ਮੱਦੇਨਜ਼ਰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੀ ਕਿਸਾਨੀ ਵਿਚ ਪਾਏ ਜਾਣ ਵਾਲੇ ਯੋਗਦਾਨ ਨੂੰ ਨੇੜਿਓਂ ਵੇਖਿਆ। ਇਹ ਅਧਿਕਾਰੀ ਪੰਜਾਬ ਦੇ ਵਿਰਸੇ, ਸੱਭਿਆਚਾਰ, ਖੇਤੀਬਾੜੀ ਅਤੇ ਉਦਯੋਗ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਅਤੇ ਇਤਿਹਾਸ ਨੂੰ ਸਮਝਣ ਲਈ ਇਸ ਵਿਸ਼ੇਸ਼ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਗੱਲਬਾਤ ਕਰਦਿਆਂ ਪੀਏਯੂ ਵੱਲੋਂ ਪੰਜਾਬ ਦੀ ਖੇਤੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਵਿਸਥਾਰ ਨਾਲ ਦੱਸਿਆ। ਡਾ. ਰਿਆੜ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਕੀਤੀਆਂ ਜਾਣ ਵਾਲੀਆਂ ਖੇਤੀ ਖੋਜਾਂ ਨੂੰ ਦੂਰ ਦੁਰਾਡੇ ਦੇ ਕਿਸਾਨਾਂ ਤੱਕ ਪਹੁੰਚਾਉਣਾ ਆਪਣੇ ਆਪ ਵਿਚ ਇਕ ਚੁਣੌਤੀ ਹੈ। ਸੰਚਾਰ ਕੇਂਦਰ ਸੂਚਨਾ ਅਤੇ ਸੰਚਾਰ ਦੇ ਤਮਾਮ ਮਾਧਿਅਮ ਇਸਤੇਮਾਲ ਕਰਕੇ ਹਰ ਮੌਸਮ, ਫਸਲੀ ਰੁੱਤ ਅਤੇ ਕਿਸਮਾਂ ਦੇ ਨਾਲ-ਨਾਲ ਉਤਪਾਦਨ ਤਕਨੀਕਾਂ, ਮਸ਼ੀਨਰੀ ਸੰਬੰਧੀ ਨਵੀਆਂ ਖੋਜਾਂ ਅਤੇ ਅਪਾਤਕਾਲ ਵਿਚ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਤੇ ਸੁਝਾਅ ਕਿਸਾਨਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ। ਡਾ. ਰਿਆੜ ਨੇ ਇਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਦੇਸ਼ ਵਿਚ ਰੇਡੀਓ ਅਤੇ ਟੀਵੀ ਸੰਚਾਰ ਦੇ ਮੁੱਖ ਮਾਧਿਅਮ ਬਣੇ ਤਾਂ ਉਨ੍ਹਾਂ ਵਿਚ ਖੇਤੀ ਸਬੰਧੀ ਜਾਣਕਾਰੀ ਪ੍ਰੋਗਰਾਮ ਆਪਣਾ ਖਾਸ ਮਹੱਤਵ ਰੱਖਦੇ ਸਨ। ਪੀਏਯੂ ਨੇ ਉਨਾਂ ਮਾਧਿਅਮਾਂ ਰਾਹੀਂ ਵਿਗਿਆਨਕ ਖੇਤੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਦੀ ਕੀਤੀ। ਇਸ ਤੋਂ ਇਲਾਵਾ ਅਖਬਾਰਾਂ ਅਤੇ ਰਸਾਲਿਆਂ ਦੇ ਰੂਪ ਵਿਚ ਇਹ ਜਾਣਕਾਰੀ ਸਥਾਈ ਅਤੇ ਨਿਰੰਤਰ ਰੂਪ ’ਚ ਕਿਸਾਨਾਂ ਤੱਕ ਪਹੁੰਚਦੀ ਰਹੀ। ਡਾ. ਰਿਆੜ ਨੇ ਦੱਸਿਆ ਕਿ ਪਿਛਲੇ 6 ਦਹਾਕਿਆਂ ਵਿੱਚ ਪੰਜਾਬ ’ਚ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੇਂ ਹਾਲਾਤ ਰਹੇ ਹੋਣ ਯੂਨੀਵਰਸਿਟੀ ਦੇ ਰਸਾਲੇ ਨਿਰਵਿਘਨ ਛਪ ਕੇ ਕਿਸਾਨਾਂ ਤੱਕ ਪਹੁੰਚਦੇ ਰਹੇ। ਜੇਕਰ ਅੱਜ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਦੀ ਮਜ਼ਬੂਤ ਧਿਰ ਹਨ ਤਾਂ ਇਸਦਾ ਬਣਦਾ ਸਿਹਰਾ ਸੰਚਾਰ ਕੇਂਦਰ ਵੱਲੋਂ ਅਪਣਾਏ ਜਾਣ ਵਾਲੇ ਤਰੀਕਿਆਂ ਅਤੇ ਮਾਧਿਅਮਾਂ ਨੂੰ ਜਾਂਦਾ ਹੈ। ਮੌਜੂਦਾ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਡਿਜ਼ੀਟਲ ਅਖਬਾਰ ਅਤੇ ਹਫ਼ਤਾਵਰ ਲਾਈਵ ਪ੍ਰੋਗਰਾਮਾਂ ਨੂੰ ਅਪਣਾ ਕੇ ਯੂਨੀਵਰਸਿਟੀ ਨੇ ਬਦਲਦੇ ਸਮੇਂ ਦੀ ਰਮਜ਼ ਨੂੰ ਪਛਾਣਿਆ ਹੈ। ਇਸ ਤੋਂ ਇਲਾਵਾ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਐਕਸ ਦੇ ਮਾਧਿਅਮ ਰਾਹੀਂ ਵੀ ਯੂਨੀਵਰਸਿਟੀ ਕਿਸਾਨਾਂ ਦੀ ਰਹਿਨੁਮਾਈ ਲਈ ਤਿਆਰ-ਬਰ-ਤਿਆਰ ਰਹਿੰਦੀ ਹੈ। ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾਵਾਂ ਗੁਲਨੀਤ ਚਾਹਲ ਨੇ ਸੰਚਾਰ ਕੇਂਦਰ ਦੇ ਕਾਰਜਾਂ ਅਤੇ ਗਤੀਵਿਧੀਆਂ ਬਾਰੇ ਪੰਛੀ ਝਾਤ ਪੁਆਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਪਾਬੀ ਦੇ ਕਾਰਜਾਂ ਨੂੰ ਵੀ ਨੇੜਿਓਂ ਜਾਣਿਆ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਅਤੇ ਪਾਬੀ ਦੇ ਪ੍ਰਬੰਧਕ ਕਰਨਵੀਰ ਗਿੱਲ ਨੇ ਅਧਿਕਾਰੀਆਂ ਨੂੰ ਢੁੱਕਵੀਂ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਵੀ ਮੌਜੂਦ ਰਹੇ।