ਗੁਰੂਘਰ ਦੀ ਨਵੀ ਇਮਾਰਤ ਸਬੰਧੀ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਗੁਰਦੁਆਰਾ ਦਸ਼ਮੇਸ਼ ਦਰਬਾਰ ਰੱਤਾ ਕਦੀਮ ਦੀ ਨਵੀ ਇਮਾਰਤ ਸਬੰਧੀ ਪਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
Publish Date: Tue, 16 Sep 2025 07:37 PM (IST)
Updated Date: Wed, 17 Sep 2025 04:06 AM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ, ਫੱਤੂਢੀਂਗਾ : ਗੁਰਦੁਆਰਾ ਦਸ਼ਮੇਸ਼ ਦਰਬਾਰ ਰੱਤਾ ਕਦੀਮ ਦੀ ਨਵੀ ਇਮਾਰਤ ਦੇ ਉਦਘਾਟਨ ਸਬੰਧੀ ਪਰਸੋਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਦੌਰਾਨ ਭਾਈ ਸੁਖਜਿੰਦਰ ਸਿੰਘ ਮੋਨੀ, ਭਾਈ ਦਵਿੰਦਰ ਸਿੰਘ ਖਾਲਸਾ ਹਜ਼ੂਰੀ ਕਥਾਵਾਚਕ ਗੁਰਸਰ ਸਾਹਿਬ ਸੈਫਲਾਬਾਦ ਤੇ ਸਾਥੀ ਹਜੂਰੀ ਰਾਗੀ ਗੁਰਸਰ ਸਾਹਿਬ ਵੱਲੋਂ ਕਥਾ-ਕੀਰਤਨ ਤੇ ਵਾਰਾਂ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਸੰਤ ਬਾਬਾ ਲੀਡਰ ਸਿੰਘ ਜੀ ਰਹਿਨੁਮਾਈ ਹੇਠ ਇਹ ਗੁਰਦੁਆਰਾ ਸਾਹਿਬ ਤਿਆਰ ਹੋਇਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਰੱਤਾ ਕਦੀਮ ਦੀ ਨੀਂਹ 4 ਮਾਰਚ 2019 ਨੂੰ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੱਚਖੰਡ ਵਾਸੀ ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਵਾਲੇ ਤੇ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰਸਰ ਸਾਹਿਬ ਨੇ ਰੱਖੀ ਸੀ ਜੋ ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਹੋ ਚੁੱਕੀ ਹੈ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜ ਸਾਧ ਸੰਗਤ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਤਨ, ਮਨ ਤੇ ਧਨ ਨਾਲ ਕਾਰ ਸੇਵਾ ’ਚ ਹਿੱਸਾ ਪਾਉਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਦਰਸ਼ਨ ਦੀਦਾਰੇ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਸਾਡੇ ਬੱਚੇ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦੀ ਕੋਸ਼ਿਸ਼ ਕਰ ਸਕਣ। ਇਸ ਮੌਕੇ ਸੰਗਤਾਂ ਲਈ ਚਾਹ-ਪਕੌੜਿਆਂ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਸਰ ਵਾਲੇ, ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ, ਬਾਬਾ ਜੈ ਸਿੰਘ ਮਹਿਮਦਵਾਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।