ਅਕਾਲੀ ਦਲ ਦੀ ਜਿੱਤ ’ਚ ਯੂਥ ਦਾ ਹੋਵੇਗਾ ਅਹਿਮ ਯੋਗਦਾਨ : ਗੁਰਸਿਮਰ ਸਿੰਘ
ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਵਿੱਚ ਯੂਥ ਦਾ ਹੋਵੇਗਾ ਅਹਿਮ ਯੋਗਦਾਨ,ਯੂਥ ਪ੍ਰਧਾਨ ਗੁਰਸਿਮਰ ਸਿੰਘ
Publish Date: Sat, 18 Apr 2026 07:51 PM (IST)
Updated Date: Sat, 18 Apr 2026 07:54 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੀ ਰਾਜਨੀਤੀ ਵਿੱਚ ਯੂਥ ਦੀ ਭੂਮਿਕਾ ਦਿਨੋ-ਦਿਨ ਵੱਧ ਰਹੀ ਹੈ। ਅੱਜ ਦਾ ਨੌਜਵਾਨ ਸਿਰਫ ਵੋਟ ਪਾਉਣ ਤੱਕ ਸੀਮਤ ਨਹੀਂ ਰਿਹਾ, ਬਲਕਿ ਉਹ ਰਾਜਨੀਤਕ ਸੋਚ, ਫੈਸਲਿਆਂ ਅਤੇ ਮੈਦਾਨੀ ਪੱਧਰ ’ਤੇ ਵੀ ਆਪਣਾ ਅਸਰ ਛੱਡ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਯੂਥ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ, ਜੋ ਭਵਿੱਖ ਦੀ ਜਿੱਤ ਲਈ ਮਹੱਤਵਪੂਰਨ ਸੰਕੇਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਪ੍ਰਧਾਨ ਗੁਰਸਿਮਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਇਹ ਵੇਖਣ ਵਿੱਚ ਆਇਆ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਨਾਲ ਜੁੜ ਰਹੇ ਹਨ। ਯੂਥ ਦੀ ਇਹ ਸ਼ਮੂਲੀਅਤ ਸਿਰਫ ਗਿਣਤੀ ਵਧਾਉਣ ਲਈ ਨਹੀਂ, ਸਗੋਂ ਨਵੀਆਂ ਸੋਚਾਂ, ਉਰਜਾ ਅਤੇ ਤਕਨੀਕੀ ਸਮਝ ਨੂੰ ਰਾਜਨੀਤੀ ਵਿੱਚ ਲਿਆਉਣ ਲਈ ਵੀ ਹੈ। ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਯੂਥ ਪਾਰਟੀ ਦੀ ਆਵਾਜ਼ ਨੂੰ ਹਰ ਕੋਨੇ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਦੇ ਨਾਲ ਹੀ ਮੈਦਾਨੀ ਪੱਧਰ ’ਤੇ ਵੀ ਨੌਜਵਾਨ ਕਾਫ਼ੀ ਸਰਗਰਮ ਹੋ ਰਹੇ ਹਨ। ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ, ਸਮੱਸਿਆਵਾਂ ਨੂੰ ਸਮਝਣਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ- ਇਹ ਸਾਰੀਆਂ ਜ਼ਿੰਮੇਵਾਰੀਆਂ ਯੂਥ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਿਹਾ ਹੈ। ਗੁਰਸਿਮਰ ਸਿੰਘ ਨੇ ਕਿਹਾ ਕਿ ਜਦੋ ਨੌਜਵਾਨ ਪੱਬਾਂ ਭਾਰ ਹੋ ਕੇ ਅੱਗੇ ਆਉਂਦਾ ਹੈ ਤਾਂ ਜਿੱਤ ਨਿਸ਼ਚਿਤ ਬਣ ਜਾਂਦੀ ਹੈ ਤੇ 2027 ਵਿਧਾਨ ਸਭਾ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਲਈ ਯੂਥ ਪੂਰੀ ਤਰ੍ਹਾਂ ਮਨ ਬਣਾ ਚੁੱਕਾ ਹੈ। ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਗਰਮੀ ਵਧਦੀ ਜਾ ਰਹੀ ਹੈ। ਤਾਜ਼ਾ ਰਾਜਨੀਤਕ ਵਿਸ਼ਲੇਸ਼ਣਾਂ ਅਤੇ ਜਨਮਤ ਸਰਵੇਖਣਾਂ ਦੇ ਅਨੁਸਾਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਦਰਜ ਕਰ ਰਹੀ ਹੈ ਜਿਸਨੂੰ ਲੈ ਕੇ ਵਿਰੋਧੀ ਖੇਮੇ ਵਿਚ ਮਾਯੂਸੀ ਛਾਈ ਹੋਈ ਹੈ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਸੂਬਾ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਕੁਲਾਰ ਨੇ ਕਿਹਾ ਕਿ ਪਾਰਟੀ ਨੇ ਪਿੰਡਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਨਵੀਆਂ ਰਣਨੀਤੀਆਂ ਤਿਆਰ ਕੀਤੀਆਂ ਹਨ ਅਤੇ ਕਿਸਾਨਾਂ, ਨੌਜਵਾਨਾਂ ਅਤੇ ਵਪਾਰੀਆਂ ਦੇ ਮੁੱਦਿਆਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਆਪਣਾ ਜਨ ਅਧਾਰ ਇਸੇ ਤਰ੍ਹਾਂ ਵਧਾਉਂਦੀ ਰਹੀ ਤਾਂ 2027 ਚੋਣਾਂ ਵਿਚ ਸਾਡੀ ਜਿਤ ਯਕੀਨੀ ਹੈ। ਜਦੋਂ ਲੋਕਾਂ ਵਲੋਂ ਆਪ ਮੁਹਾਰੇ ਕਿਹਾ ਜਾਣ ਲੱਗਾ ਹੈ ਕਿ ਜੇਕਰ ਪੰਜਾਬ ਵਿਚ ਕੋਈ ਪਾਰਟੀ ਵਿਕਾਸ ਕਰ ਸਕਦੀ ਹੈ ਤੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ। ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਫਿਰ ਤੋਂ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਬਣਾਉਣਗੇ।