ਨੌਜਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ : ਪੰਡਿਤ, ਆਨੰਦ
ਨੌਜਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ : ਪੰਡਿਤ/ਆਨੰਦ
Publish Date: Wed, 25 Mar 2026 08:00 PM (IST)
Updated Date: Thu, 26 Mar 2026 04:08 AM (IST)

-ਸ਼੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਸੈਂਕੜੇ ਵਰਕਰਾਂ ਨੇ ਲਿਆ ਹਿੱਸਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਮੰਦਰ ਧਰਮ ਸਭਾ ਕਮੇਟੀ ਵੱਲੋਂ ਸ਼੍ਰੀ ਰਾਮ ਨੌਮੀ ਤੇ ਆਯੋਜਿਤ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੀਐਚਪੀ ਅਤੇ ਬਜਰੰਗ ਦਲ ਦੇ ਸੈਂਕੜੇ ਵਰਕਰਾਂ ਨੇ ਭਗਵੇਂ ਰੰਗ ਦੀਆਂ ਪੱਗਾਂ ਬੰਨ੍ਹ ਕੇ ਵੀਐਚਪੀ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਸਤਿਸੰਗ ਪ੍ਰਮੁੱਖ ਮਨਮੋਹਨ ਜੋਸ਼ੀ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਦੀਪਕ ਮਰਵਾਹਾ ਦੀ ਅਗਵਾਈ ਹੇਠ ਹਿੱਸਾ ਲਿਆ। ਸ਼ੋਭਾ ਯਾਤਰਾ ਦੌਰਾਨ ਬਜਰੰਗੀ ਜੈ ਸ਼੍ਰੀਰਾਮ, ਜੈਕਾਰੇ ਬੀਰ ਬਜਰੰਗੀ ਦੇ ਜੈਕਾਰੇ ਲਗਾਕੇ ਮਾਹੌਲ ਭਗਤਮਈ ਬਣਾ ਰਹੇ ਸਨ।ਇਸ ਦੌਰਾਨ ਸ਼ੋਭਾ ਯਾਤਰਾ ਵਿੱਚ ਭਗਵਾਨ ਰਾਮ,ਹਨੂੰਮਾਨ ਜੀ ਅਤੇ ਸੈਨਿਕਾਂ ਸਮੇਤ ਕਈ ਝਾਕੀਆਂ ਨੇ ਹਿੱਸਾ ਲਿਆ। ਭਗਵੇਂ ਰੰਗ ਦੀਆਂ ਪੱਗਾਂ ਬੰਨ੍ਹ ਕੇ ਵੀਐਚਪੀ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਝੰਡੇ ਫੜ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ। ਇਸ ਮੌਕੇ ਤੇ ਵੀਐਚਪੀ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਦੇਸ਼ ਵਾਸੀਆਂ, ਪੰਜਾਬ ਵਾਸੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਸ਼੍ਰੀ ਰਾਮ ਨੌਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਨੌਜਵਾਨਾਂ ਨੂੰ ਸ਼੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਅਪੀਲ ਕੀਤੀ । ਆਗੂਆਂ ਨੇ ਕਿਹਾ ਕਿ ਸ਼੍ਰੀ ਰਾਮ ਦਾ ਜੀਵਨ ਸੰਘਰਸ਼,ਸਬਰ,ਕੁਰਬਾਨੀ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਭ ਤੋਂ ਉੱਚੀ ਉਦਾਹਰਣ ਹੈ। ਉਹ ਨੌਜਵਾਨਾਂ ਲਈ ਇੱਕ ਰੋਲ ਮਾਡਲ ਹਨ। ਸ਼੍ਰੀ ਰਾਮ ਦੀਆਂ ਕਹਾਣੀਆਂ ਅਤੇ ਵਿਦਵਾਨਾਂ ਰਾਹੀਂ, ਨੌਜਵਾਨਾਂ ਨੂੰ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਆਧੁਨਿਕ ਸਮੇਂ ਵਿੱਚ ਵੀ ਆਪਣੇ ਜੀਵਨ ਵਿੱਚ ਧੀਰਜ, ਰਿਸ਼ਤਿਆਂ ਪ੍ਰਤੀ ਸਤਿਕਾਰ, ਕਰਤੱਵ ਪ੍ਰਤੀ ਸਮਰਪਣ ਅਤੇ ਨਿਮਰਤਾ ਵਰਗੇ ਆਦਰਸ਼ਾਂ ਨੂੰ ਅਪਣਾਉਣ ਦੀ ਲੋੜ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਮੁਸ਼ਕਲ ਹਾਲਾਤਾਂ ਅਤੇ 14 ਸਾਲਾਂ ਦੇ ਬਨਵਾਸ ਦੌਰਾਨ ਭਗਵਾਨ ਰਾਮ ਦਾ ਸਬਰ ਨੌਜਵਾਨਾਂ ਨੂੰ ਮਾਨਸਿਕ ਤਾਕਤ ਅਤੇ ਸੰਕਟ ਪ੍ਰਬੰਧਨ ਸਿਖਾਉਂਦਾ ਹੈ। ਸ਼੍ਰੀ ਰਾਮ ਨੇ ਇੱਕ ਪੁੱਤਰ,ਭਰਾ ਅਤੇ ਰਾਜਾ ਵਜੋਂ ਆਪਣੇ ਫਰਜ਼ ਬਾਖੂਬੀ ਨਿਭਾਏ। ਇਹ ਅਨੁਸ਼ਾਸਨ ਨੌਜਵਾਨਾਂ ਨੂੰ ਸਵੈ-ਨਿਰਭਰ ਅਤੇ ਜ਼ਿੰਮੇਵਾਰ ਬਣਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਭਗਵਾਨ ਰਾਮ ਨਿਮਰ ਰਹੇ।ਇਹ ਨੌਜਵਾਨਾਂ ਨੂੰ ਨਿਮਰਤਾ ਬਣਾਈ ਰੱਖਣ ਅਤੇ ਹੰਕਾਰ ਤੋਂ ਬਚਣਾ ਸਿਖਾਉਂਦਾ ਹੈ। ਸਭ ਤੋਂ ਵੱਡਾ ਸਬਕ ਸੱਚ ਦੇ ਮਾਰਗ ਤੇ ਦ੍ਰਿੜ ਰਹਿਣਾ ਹੈ ਅਤੇ ਮੁਸ਼ਕਲ ਹਾਲਾਤਾਂ ਵਿੱਚ ਵੀ ਧਰਮ(ਨੈਤਿਕਤਾ) ਨੂੰ ਨਹੀਂ ਛੱਡਣਾ ਹੈ। ਉਨ੍ਹਾਂ ਕਿਹਾ ਕਿ ਆਪਣੇ ਮਾਪਿਆਂ ਦੇ ਸ਼ਬਦਾਂ ਅਤੇ ਆਪਣੇ ਗੁਰੂ ਦੇ ਆਦਰਸ਼ਾਂ ਦੀ ਪਾਲਣਾ ਕਰਕੇ ਭਗਵਾਨ ਰਾਮ ਆਦਰਸ਼ ਪੁਰਸ਼ੋਤਮ ਰਾਮ ਵਜੋਂ ਜਾਣੇ ਜਾਂਦੇ ਹਨ। ਭਗਵਾਨ ਰਾਮ ਦੇ ਆਦਰਸ਼ਾਂ ਦੀ ਨਕਲ ਕਰਕੇ, ਮਨੁੱਖ ਆਪਣਾ ਜੀਵਨ ਸਫਲ ਬਣਾ ਸਕਦੇ ਹਨ। ਨਰੇਸ਼ ਪੰਡਿਤ ਨੇ ਕਿਹਾ ਕਿ ਭਗਵਾਨ ਰਾਮ ਦੇ ਬਨਵਾਸ ਨੂੰ ਦੇਖ ਕੇ ਪੂਰਾ ਅਯੁੱਧਿਆ ਸ਼ਹਿਰ ਰੋ ਪਿਆ। ਭਗਵਾਨ ਰਾਮ ਦੇ ਬਨਵਾਸ ਤੇ ਜਾਨਵਰ, ਪੰਛੀ,ਮਰਦ ਅਤੇ ਔਰਤਾਂ ਵੀ ਰੋਏ ਪਰ ਸ਼੍ਰੀ ਰਾਮ ਨੇ ਬਿਨਾਂ ਕਿਸੇ ਪਰਵਾਹ ਦੇ ਆਪਣੇ ਮਾਪਿਆਂ ਦੇ ਆਦਰਸ਼ਾਂ ਦੀ ਪਾਲਣਾ ਕੀਤੀ ਅਤੇ ਇੱਕ ਪੁੱਤਰ ਵਜੋਂ ਆਪਣਾ ਫਰਜ਼ ਨਿਭਾਇਆ। ਅੱਜ ਵਧਦੀ ਅਰਾਜਕਤਾ ਦੇ ਮਾਹੌਲ ਵਿੱਚ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਲੋੜ ਹੈ, ਤਾਂ ਹੀ ਅਸੀਂ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਉਨ੍ਹਾਂ ਨੌਜਵਾਨਾਂ ਨੂੰ ਸ਼੍ਰੀ ਰਾਮ ਦੇ ਚਰਿੱਤਰ ਤੋਂ ਪ੍ਰੇਰਨਾ ਲੈਣ ਅਤੇ ਇੱਕ ਮਿਸਾਲੀ, ਨੇਕ ਅਤੇ ਸਫਲ ਨਾਗਰਿਕ ਬਣਨ ਦੀ ਅਪੀਲ ਕੀਤੀ। ਇਸ ਮੌਕੇ ਜੀਵਨ ਪ੍ਰਕਾਸ਼ ਵਾਲੀਆ, ਰਾਜੂ ਸੂਦ, ਓਮਪ੍ਰਕਾਸ਼ ਕਟਾਰੀਆ, ਰਾਜਕੁਮਾਰ ਅਰੋੜਾ, ਮੋਹਿਤ ਜੱਸਲ, ਵਿਜੇ ਗਰੋਵਰ, ਸੰਦੀਪ ਅਗਰਵਾਲ, ਰਾਜੇਸ਼ ਸ਼ਰਮਾ ਸ਼ੇਖੂਪੁਰ, ਹੈਪੀ ਛਾਬੜਾ, ਅਸ਼ੋਕ ਕੁਮਾਰ,ਮਦਨ ਲਾਲ, ਹਨੀ ਕੁਮਾਰ, ਅਜੈ ਕੁਮਾਰ,ਗੁਲਸ਼ਨ ਮਹਿਰਾ, ਸੀਮਾ ਜੋਸ਼ੀ ਸਮੇਤ ਸੈਂਕੜੇ ਵਰਕਰ ਮੌਜੂਦ ਸਨ।