ਹਿੰਦੂ ਕੰਨਿਆ ਕਾਲਜ ’ਚ ਐਕਸਟੈਂਸ਼ਨ ਲੈਕਚਰ ਕਰਾਇਆ
ਹਿੰਦੂ ਕੰਨਿਆ ਕਾਲਜ ਵਿਖੇ ਯੂਥ ਸਰਵਿਸ ਕਲੱਬ ਵੱਲੋਂ ਐਕਸਟੈਂਸ਼ਨ ਲੈਕਚਰ ਦਾ ਆਯੋਜਨ
Publish Date: Fri, 13 Mar 2026 06:57 PM (IST)
Updated Date: Fri, 13 Mar 2026 07:00 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਯੂਥ ਸਰਵਿਸ ਕਲੱਬ ਵੱਲੋਂ ਕਾਨੂੰਨੀ ਮਾਈਗ੍ਰੇਸ਼ਨ ਦੇ ਪ੍ਰਭਾਵ ਵਿਸ਼ੇ ’ਤੇ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਸਹੀ ਢੰਗ ਨਾਲ ਪਰਵਾਸ ਕਰਨ ਦੇ ਲਾਭਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਤੋਂ ਡਾ. ਰੂਬਲ ਕਨੌਜੀਆ ਐਸੋਸੀਏਟ ਪ੍ਰੋਫੈਸਰ ਤੇ ਮੁਖੀ ਡਿਪਾਰਟਮੈਂਟ ਆਫ ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਸਟੱਡੀਜ਼ ਨੇ ਬਤੌਰ ਵਿਦਵਾਨ ਵਕਤਾ ਸ਼ਿਰਕਤ ਕੀਤੀ। ਯੂਥ ਸਰਵਿਸ ਕਲੱਬ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਨੂੰਨੀ ਮਾਈਗ੍ਰੇਸ਼ਨ ਪ੍ਰਕਿਰਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਗਲਤ ਤਰੀਕੇ ਨਾਲ ਕੀਤਾ ਗਿਆ ਪਰਵਾਸ ਦੁਵਿਧਾ ਵਿਚ ਪਾ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਹੀ ਪਰਵਾਸ ਕਰਨਾ ਚਾਹੀਦਾ ਹੈ ਤਾਂ ਕਿ ਪਰਵਾਸ ਦੌਰਾਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਨੇ ਸਟੱਡੀ ਵੀਜ਼ਾ, ਵਰਕ ਵੀਜ਼ਾ, ਫੈਮਿਲੀ ਸਪੌਂਸਰਸ਼ਿਪ, ਪੱਕੀ ਰਿਹਾਇਸ਼ ਤੇ ਇਨਵੈਸਟਮੈਂਟ ਵੀਜ਼ਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੇ ਸ਼ੰਕਿਆਂ ਦਾ ਵੀ ਨਿਵਾਰਨ ਕੀਤਾ। ਇਸ ਮੌਕੇ ਆਈਓਐੱਮ ਯੂਨਾਇਟੇਡ ਨੇਸ਼ਨ ਤੋਂ ਡਾ. ਭਗਵੰਤ ਸਿੰਘ ਰੁਪਲ ਤੇ ਵਿਜੇ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਯੂਥ ਸਰਵਿਸ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਜਿਵੇਂ ਅੱਜ-ਕੱਲ੍ਹ ਬਾਹਰ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਤੇ ਵਿਦਿਆਰਥੀ ਨੂੰ ਕਾਨੂੰਨੀ ਮਾਈਗ੍ਰੇਸ਼ਨ ਦੇ ਲਾਭਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਗਲਤ ਤਰੀਕੇ ਨਾਲ ਬਾਹਰ ਜਾ ਕੇ ਆਪਣੀ ਜਾਨ ਨਾਲ ਤੇ ਆਪਣੇ ਪਰਿਵਾਰ ਨਾਲ ਹੋਣ ਵਾਲੇ ਧੋਖੇ ਤੋਂ ਬੱਚ ਸਕਣ। ਮੰਚ ਸੰਚਾਲਨ ਯੂਥ ਸਰਵਿਸ ਕਲੱਬ ਦੇ ਮੈਂਬਰ ਡਾ. ਸੁਵਿਤ ਦਾਸ ਨੇ ਬਾਖੂਬੀ ਕੀਤਾ।