ਯੂਥ ਅਫਸਰਾਂ ਨੇ ਕੀਤਾ ਸਰਬ ਨੌਜਵਾਨ ਸਭਾ ਦੇ ਸਿਖਲਾਈ ਕੇਂਦਰ ਦਾ ਦੌਰਾ
ਵੱਖ-ਵੱਖ ਸੂਬਿਆਂ ਦੇ ਸਿਖਲਾਈ ਅਧੀਨ ਯੂਥ ਅਫਸਰਾਂ ਨੇ ਸਰਬ ਨੌਜਵਾਨ ਸਭਾ ਵਲੋਂ ਸੰਚਾਲਿਤ ਕਿੱਤਾਮੁਖੀ ਸਿਖਲਾਈ ਕੇਂਦਰ ਦਾ ਕੀਤਾ ਦੌਰਾ
Publish Date: Fri, 27 Feb 2026 07:29 PM (IST)
Updated Date: Fri, 27 Feb 2026 07:31 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਚਲਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਕੇਂਦਰ ਦਾ ਵੱਖ-ਵੱਖ ਰਾਜਾਂ ਦੇ ਸਿਖਲਾਈ ਅਧੀਨ ਯੂਥ ਅਫਸਰਾਂ ਦੇ ਇਕ ਵਫ਼ਦ ਨੇ ਦੌਰਾ ਕੀਤਾ। ਮਾਈ ਭਾਰਤ ਪ੍ਰੋਗਰਾਮ ਜ਼ਿਲ੍ਹਾ ਕਪੂਰਥਲਾ ਦੇ ਯੂਥ ਅਫ਼ਸਰ ਗਗਨਦੀਪ ਕੌਰ ਦੀ ਅਗਵਾਈ ਹੇਠ ਵਫ਼ਦ ‘ਚ ਸ਼ਾਮਲ ਯੂਥ ਅਫਸਰਾਂ ਹਿਤੇਸ਼, ਐਸ਼ਵਰਿਆ ਸ਼੍ਰੀਨਿਵਾਸ, ਸਮਰਾਟ ਵਿਜੇ ਪਾਟਿਲ, ਗੀਤੇਸ਼ ਅਹੀਰ, ਦੀਕਸ਼ਾ ਦੱਤਾਤ੍ਰੇਯ ਪੋਮਨ ਤੇ ਆਦਿਤਿਆ ਰਾਜ ਦੀਕਸ਼ਿਤ ਦਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਸੈਂਟਰ ਸਟਾਫ ਤੇ ਪਤਵੰਤਿਆਂ ਨੇ ਨਿੱਘਾ ਸਵਾਗਤ ਕੀਤਾ। ਜ਼ਿਲ੍ਹਾ ਯੂਥ ਅਫ਼ਸਰ ਗਗਨਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਨੇ ਮਾਈ ਭਾਰਤ (ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ) ਸਿਖਲਾਈ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ, ਚੇਨਈ ਵਿਖੇ ਓਰੀਐਂਟੇਸ਼ਨ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਰਸੀਵੀਪੀ ਨਰੋਨਾ ਅਕੈਡਮੀ, ਭੋਪਾਲ ਤੇ ਇੰਸਟੀਚਿਊਟ ਆਫ਼ ਡਿਵੈੱਲਪਮੈਂਟ ਮੈਨੇਜਮੈਂਟ ਐਂਡ ਟੈਕਨਾਲੋਜੀ, ਦਿੱਲੀ ਵਿਖੇ ਸਿਖਲਾਈ ਸੈਸ਼ਨਾਂ ਵਿਚ ਹਿੱਸਾ ਲਿਆ। ਸਿਖਲਾਈ ਦੇ ਆਪਣੇ ਅੰਤਿਮ ਪੜਾਅ ਦੇ ਹਿੱਸੇ ਵਜੋਂ, ਉਨ੍ਹਾਂ ਨੇ ਪੰਜਾਬ ਵਿਚ ਆਪਣੀ ਫੀਲਡ ਸਿਖਲਾਈ ਦੌਰਾਨ ਫਗਵਾੜਾ ਦੇ ਇਸ ਕਿੱਤਾਮੁਖੀ ਸਿਖਲਾਈ ਕੇਂਦਰ ਦਾ ਦੌਰਾ ਕੀਤਾ ਹੈ। ਵਫਦ ਵਿਚ ਸ਼ਾਮਲ ਯੂਥ ਅਫਸਰਾਂ ਨੇ ਸਿਖਲਾਈ ਸੈਂਟਰ ਦੇ ਕਾਰਜਾਂ ਨੂੰ ਉਤਸੁਕਤਾ ਨਾਲ ਦੇਖਿਆ ਤੇ ਜ਼ਮੀਨੀ ਪੱਧਰ ’ਤੇ ਕਿੱਤਾਮੁਖੀ ਸਿਖਲਾਈ ਦੀ ਸਮਝ ਪ੍ਰਾਪਤ ਕੀਤੀ। ਉਨ੍ਹਾਂ ਨੇ ਸਿਖਿਆਰਥੀ ਕੁੜੀਆਂ ਨਾਲ ਗੱਲਬਾਤ ਕੀਤੀ, ਭਾਈਚਾਰਕ ਭਾਗੀਦਾਰੀ ਪ੍ਰਕਿਰਿਆ ਨੂੰ ਨੇੜਿਓਂ ਦੇਖਿਆ ਤੇ ਸਰਬ ਨੌਜਵਾਨ ਸਭਾ ਦੇ ਇਸ ਭਲਾਈ ਕਾਰਜ ਦੀ ਖੁੱਲੇ ਦਿਲ ਨਾਲ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਨੇ ਭਵਿੱਖ ਵਿਚ ਇਸ ਤਰ੍ਹਾਂ ਦੇ ਸਮਾਜਿਕ ਤੇ ਯੁਵਾ-ਮੁਖੀ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਦੀ ਇੱਛਾ ਦਾ ਪ੍ਰਗਟਾਵਾ ਵੀ ਕੀਤਾ। ਨਾਲ ਹੀ ਕਿਹਾ ਕਿ ਜ਼ਮੀਨੀ ਪੱਧਰ ਦੇ ਅਜਿਹੇ ਯਤਨ ਨੌਜਵਾਨਾਂ ਨੂੰ ਮਜਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਮੌਜੂਦ ਕੌਂਸਲਰ ਪ੍ਰਿਤਪਾਲ ਕੌਰ ਤੁਲੀ ਨੇ ਕਿਹਾ ਕਿ ਨੌਜਵਾਨ ਅਫਸਰਾਂ ਨੂੰ ਸਮਾਜ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣ ਲਈ ਲੋਕਾਂ ਨਾਲ ਸਿੱਧਾ ਜੁੜਨਾ ਚਾਹੀਦਾ ਹੈ। ਸਿਰਫ਼ ਜ਼ਮੀਨੀ ਤਜਰਬਾ ਹੀ ਉਨ੍ਹਾਂ ਨੂੰ ਬਿਹਤਰ ਨੀਤੀਆਂ ਨੂੰ ਲਾਗੂ ਕਰਨ ਦੇ ਯੋਗ ਬਣਾ ਸਕਦਾ ਹੈ। ਸਮਾਗਮ ਦੌਰਾਨ ਮੌਜੂਦ ਰਹੇ ਪਿੰਡ ਵਜੀਦੋਵਾਲ ਦੇ ਸਰਪੰਚ ਰਿੰਪਲ ਕੁਮਾਰ ਨੇ ਸਰਬ ਨੌਜਵਾਨ ਸਭਾ ਤੇ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਭਾ ਨੌਜਵਾਨ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਸ਼ਲਾਘਾਯੋਗ ਉਪਰਾਲਾ ਕਰ ਰਹੀ ਹੈ। ਉਨ੍ਹਾਂ ਨੇ ਪੰਚਾਇਤ ਪੱਧਰ ’ਤੇ ਅਜਿਹੇ ਯਤਨਾਂ ਲਈ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸੇ ਤਰ੍ਹਾਂ ਸਰਪੰਚ ਵਿਜੇ ਕੁਮਾਰ ਢੱਕ ਪੰਡੋਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਨੌਜਵਾਨਾਂ ਨੂੰ ਪਾਵਰਫੁਲ ਬਣਾਉਣ ਲਈ ਹੁਨਰ ਵਿਕਾਸ ਕੇਂਦਰ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਸਭਾ ਨੂੰ ਪਿੰਡ ਪੱਧਰ ’ਤੇ ਅਜਿਹੇ ਯਤਨਾਂ ਲਈ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਰਾਹੀਂ ਨੌਜਵਾਨਾਂ ਲਈ ਇਕ ਉੱਜਵਲ ਭਵਿੱਖ ਆਸਾਨੀ ਨਾਲ ਸਿਰਜਿਆ ਜਾ ਸਕਦਾ ਹੈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਭਾ ਵੱਲੋਂ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਸਮਾਜ ਸੇਵਕ ਸੁਸ਼ੀਲ ਸ਼ਰਮਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਗੁਰਦੀਪ ਸਿੰਘ ਤੁਲੀ, ਵਿੱਕੀ ਸਿੰਘ (ਯੂਥ ਆਗੂ), ਜਗਜੀਤ ਸੇਠ ਮੈਨੇਜਰ, ਨਰਿੰਦਰ ਸਿੰਘ ਸੈਣੀ, ਸਮਾਜ ਸੇਵਕ ਰਮਨ ਨਹਿਰਾ, ਜਸ਼ਨ ਮਹਿਰਾ, ਪਰਮਜੀਤ ਰਾਏ, ਅਨੂਪ ਦੁੱਗਲ ਸਮੇਤ ਸੈਂਟਰ ਸਟਾਫ਼, ਸਿਖਿਆਰਥਣਾਂ ਤੇ ਪਤਵੰਤੇ ਮੌਜੂਦ ਸਨ।