ਬੱਸ ’ਚ ਚੜਨ ਮੌਕੇ ਡਿੱਗਿਆ ਨੌਜਵਾਨ, ਹੋਇਆ ਜ਼ਖ਼ਮੀ
ਪੈਪਸੂ ਬੱਸ ਵਿੱਚ ਚੜਨ ਮੌਕੇ ਡਿੱਗਣ ਤੇ ਨੌਜਵਾਨ ਜ਼ਖਮੀ
Publish Date: Thu, 12 Mar 2026 08:55 PM (IST)
Updated Date: Thu, 12 Mar 2026 08:57 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੈਪਸੂ ਰੋਡਵੇਜ਼ ਬੱਸ ਦੇ ਡਰਾਈਵਰ ਦੀ ਕਥਿਤ ਤੌਰ ’ਤੇ ਵਰਤੀ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਅੱਜ ਇਕ ਨੌਜਵਾਨ ਬੱਸ ਵਿਚ ਚੜਨ ਮੌਕੇ ਡਿੱਗ ਕੇ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਨੌਜਵਾਨ ਲਵਪ੍ਰੀਤ ਸਿੰਘ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਆਰਸੀਐੱਫ ਤੋਂ ਬੱਸ ਵਿਚ ਚੜਨ ਲੱਗਾ ਸੀ ਤਾਂ ਪਹਿਲਾਂ ਬੱਸ ਡਰਾਈਵਰ ਨੇ ਅੱਡੇ ’ਤੇ ਬ੍ਰੇਕ ਲਗਾਈ ਤਾਂ ਉਸਨੇ ਕਿਹਾ ਕਿ ਮੈਂ ਸੋਚਿਆ ਕਿ ਕੋਈ ਸਵਾਰੀ ਉਤਰਨ ਵਾਲੀ ਹੋਣੀ ਹੈ ਤਾਂ ਉਹ ਫਿਰ ਚੜੇਗਾ ਪਰ ਬੱਸ ਡਰਾਈਵਰ ਨੇ ਬਗੈਰ ਦੇਖੇ ਬੱਸ ਦੌੜਾ ਲਈ। ਜਦ ਉਹ ਬੱਸ ਦੇ ਪਿੱਛੇ ਚੜਨ ਲੱਗੇ ਤਾਂ ਉਹ ਜ਼ਮੀਨ ’ਤੇ ਡਿੱਗ ਪਿਆ ਤੇ ਕਰੀਬ 50 ਮੀਟਰ ਤੱਕ ਘਿਸੜਦਾ ਗਿਆ, ਜਿਸ ਨਾਲ ਉਸ ਦੇ ਬਾਹਾਂ, ਕੂਹਣੀ, ਲੱਤਾਂ ਤੇ ਪੇਟ ਬੁਰੀ ਤਰ੍ਹਾਂ ਨਾਲ ਛਿਲਿਆ ਗਿਆ। ਸਵਾਰੀਆਂ ਵੱਲੋਂ ਰੌਲਾ ਪਾਉਣ ’ਤੇ ਅੱਗੇ ਜਾ ਕੇ ਡਰਾਈਵਰ ਨੇ ਬੱਸ ਨੂੰ ਰੋਕਿਆ। ਨੌਜਵਾਨ ਲਵਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਰਕਾਰੀ ਬੱਸਾਂ ਦੇ ਡਰਾਈਵਰ ਬਹੁਤ ਹੀ ਲਾਪਰਵਾਹੀ ਨਾਲ ਬੱਸਾਂ ਨੂੰ ਚਲਾਉਂਦੇ ਹਨ ਤੇ ਕਿਸੇ ਦੀ ਵੀ ਜਾਨ ਦੀ ਇਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਕੀ ਕਹਿਣਾ ਬੱਸ ਡਰਾਈਵਰ ਦਾ- ਪੈਪਸੂ ਬੱਸ ਦੇ ਡਰਾਈਵਰ ਬਲਦੇਵ ਸਿੰਘ ਨੇ ਇਸ ਘਟਨਾ ਬਾਰੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਬੱਸ ਕਪੂਰਥਲਾ ਅੱਡੇ ਤੋਂ ਚੱਲਣ ਉਪਰੰਤ ਹੀ ਓਵਰਲੋਡ ਹੋ ਗਈ ਸੀ ਤੇ ਉਸਨੇ ਆਰਸੀਐੱਫ ਵਿਖੇ ਪਹਿਲਾਂ ਬੱਸ ਸਟਾਪ ਤੋਂ ਪਿੱਛੇ ਰੋਕ ਕੇ ਸਵਾਰੀਆਂ ਉਤਾਰੀਆਂ ਤੇ ਬੱਸ ਵਿਚ ਔਰਤਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਉਸ ਨੇ ਬੱਸ ਨਹੀਂ ਰੋਕੀ। ਇਸ ਨੌਜਵਾਨ ਨੇ ਦੌੜ ਕੇ ਬੱਸ ਵਿਚ ਚੜਨ ਦੀ ਕੋਸ਼ਿਸ਼ ਕੀਤੀ ਪਰ ਸਹੀ ਡੰਡੇ ਨੂੰ ਹੱਥ ਨਾ ਪੈਣ ਕਾਰਨ ਇਹ ਡਿੱਗ ਕੇ ਜ਼ਖ਼ਮੀ ਹੋ ਗਿਆ। ਇਸ ਵਿਚ ਉਸ ਦਾ ਕੋਈ ਕਸੂਰ ਨਹੀਂ ਹੈ ਤੇ ਉਸ ਨੇ ਸਵਾਰੀਆਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਬੱਸ ਨੂੰ ਅੱਗੇ ਜਾ ਕੇ ਰੋਕਿਆ। ਉਸ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਬੱਸਾਂ ਦੇ ਰੂਟ ਵਧਾਏ ਜਾਣ ਤਾਂ ਕਿ ਮਰਦ ਸਵਾਰੀਆਂ ਪਰੇਸ਼ਾਨ ਨਾ ਹੋਣ ਤੇ ਅਜਿਹੀ ਕਿਸੇ ਵੀ ਅਣਹੋਣੀ ਤੋਂ ਬਚਿਆ ਜਾਵੇ।